ਰੂਪਨਗਰ: ਜ਼ਿਲ੍ਹੇ ਦੇ ਥਾਣਾ ਨੰਗਲ ਅਧੀਨ ਪੈਂਦੇ ਪਿੰਡ ਦਬਖੇੜਾ ਦੀ 22 ਸਾਲਾ ਮੁਟਿਆਰ ਨੂੰ ਪੁਲਿਸ ਨੇ ਠੱਗੀ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਪੁਲਿਸ ਮੁਲਾਜ਼ਮ ਤੋਂ ਲੈ ਕੇ ਆਮ ਲੋਕਾਂ ਨਾਲ ਵੱਖ-ਵੱਖ ਕਿਸਮ ਦੀ ਠੱਗੀ ਮਾਰਨ ਦੇ ਇਲਜ਼ਾਮ ਹਨ। ਇਸ ਸ਼ਾਤਰ ਮੁਟਿਆਰ ਦੀ ਪਛਾਣ ਪੱਲਵੀ ਰਾਣੀ ਉਰਫ਼ ਮਿੱਠੀ ਵਜੋਂ ਹੋਈ ਹੈ।
ਮਿੱਠੀ ਨੇ ਪਿਛਲੇ ਸਾਲ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਦੇ ਘਰ ਨੌਕਰਾਨੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਉੱਥੋਂ ਮੌਕਾ ਪਾ ਕੇ ਸੋਨੇ ਦੀਆਂ ਦੋ ਚੂੜੀਆਂ, ਚੇਨੀ ਤੇ ਹੀਰਿਆਂ ਦਾ ਹਾਰ ਚੋਰੀ ਕੀਤਾ। ਇਸ ਤੋਂ ਬਾਅਦ ਉਸ ਨੇ ਰੋਪੜ ਦੇ ਪਿੰਡ ਲੋਧੀ ਮਾਜਰਾ ਦੇ ਮਨਜੀਤ ਸਿੰਘ ਨਾਲ ਸਰਕਾਰੀ ਨੌਕਰੀ 'ਤੇ ਲਵਾਉਣ ਬਦਲੇ 50,000 ਰੁਪਏ ਦੀ ਠੱਗੀ ਮਾਰੀ। ਇਸ ਤੋਂ ਇਲਾਵਾ ਉਸ ਨੇ ਸਥਾਨਕ ਦੁਕਾਨਦਾਰ ਤੋਂ ਆਪਣਾ ਪਰਸ ਘਰ ਭੁੱਲ੍ਹਣ ਦਾ ਲਾਰਾ ਲਾ ਕੇ 16,000 ਰੁਪਏ ਦਾ ਚੂਨਾ ਲਾ ਲਿਆ।
ਅੱਜ ਕੱਲ੍ਹ ਉਸ ਨੇ ਫੇਸਬੁੱਕ ਰਾਹੀਂ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਕੰਮ ਸ਼ੁਰੂ ਕੀਤਾ ਸੀ, ਪਰ ਫੜੀ ਗਈ। ਉਹ ਖ਼ੁਦ ਨੂੰ ਕੈਨੇਡੀਅਨ ਨਾਗਰਿਕ ਹੋਣ ਦਾ ਦਾਅਵਾ ਕਰਦੀ ਸੀ ਅਤੇ ਲੋਕਾਂ ਨੂੰ ਲੱਖਾਂ ਰੁਪਏ ਬਦਲੇ ਆਪਣੇ ਨਾਲ ਲਿਜਾਣ ਦਾ ਝਾਂਸਾ ਦਿੰਦੀ ਸੀ।
ਮਿੱਠੀ ਤਲਾਕਸ਼ੁਦਾ ਹੈ ਤੇ ਉਸ ਦਾ ਪੁੱਤਰ ਸਾਬਕਾ ਪਤੀ ਕੋਲ ਰਹਿੰਦਾ ਹੈ। ਇਸ ਮਗਰੋਂ ਉਹ ਦੋ-ਤਿੰਨ ਵਿਆਹ ਵੀ ਕਰ ਚੁੱਕੀ ਹੈ ਤੇ ਉਸ ਦੇ ਪਰਿਵਾਰ ਨੇ ਵੀ ਉਸ ਨੂੰ ਬੇਦਖਲ ਕੀਤਾ ਹੋਇਆ ਹੈ। ਪੁਲਿਸ ਮੁਤਾਬਕ ਉਸ ਦੇ ਸ਼ੁਰੂਆਤੀ ਪੁੱਛਗਿੱਛ ਵਿੱਚ ਪੰਜ ਵਾਰਦਾਤਾਂ ਕਬੂਲ ਲਈਆਂ ਹਨ। ਉਸ ਤੋਂ ਚੋਰੀ ਦਾ ਏਟੀਐਮ ਕਾਰਡ, ਕੁਝ ਦਸਤਾਵੇਜ਼ ਤੇ ਤਿੰਨ ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ ਹਨ।