ਮੋਗਾ: ਪੰਜਾਬ ‘ਚ ਆਏ ਦਿਨ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲਾ ਮੋਗਾ ਦਾ ਹੈ ਜਿੱਥੇ ਇੱਕ ਨੌਜਵਾਨ ਨੂੰ ਘਰੋਂ ਕੱਢਣ ‘ਤੇ ਗੁੱਸੇ ‘ਚ ਨੌਜਵਾਨ ਆਪਣੇ 11 ਦੋਸਤਾਂ ਨਾਲ ਮਹਿਲਾ ਨਾਲ ਬਦਸਲੂਕੀ ‘ਤੇ ਉੱਤਰ ਆਇਆ। ਉਨ੍ਹਾਂ ਨੇ ਪੀੜਤ ਮਹਿਲਾ ਦੇ ਪਤੀ ਨਾਲ ਕੁੱਟਮਾਰ ਕੀਤੀ ਤੇ ਫੇਰ ਮਹਿਲਾ ਨੂੰ ਵੀ ਘਰੋਂ ਚੱਕ ਕੇ ਲੈ ਗਏ। ਇਸ ਦੇ ਨਾਲ ਹੀ ਮਹਿਲਾ ਨੂੰ ਗਲੀ ‘ਚ ਘਸੀਟਦੇ ਹੋਏ ਲੈ ਗਏ ਤੇ ਉਸ ਨਾਲ ਵੀ ਕੁੱਟ ਮਾਰ ਕੀਤੀ।

ਇਸ ਤੋਂ ਬਾਅਦ ਮਹਿਲਾ ਨੂੰ ਘਰ ਦੇ ਅੰਦਰ ਲੈ ਜਾ ਉਸ ਦੀ ਬਗੈਰ ਕੱਪੜਿਆਂ ਤੋਂ ਵੀਡੀਓ ਬਣਾਈ ਗਈ। ਸਿਰਫ ਇੰਨਾ ਹੀ ਨਹੀਂ ਉਸ ਨਾਲ ਛੇੜਛਾੜ ਵੀ ਕੀਤੀ ਗਈ। ਅੱਧੇ ਘੰਟੇ ਤਕ ਮਹਿਲਾ 'ਤੇ ਸਰੀਰਕ ਤੇ ਮਾਨਸਿਕ ਤਸ਼ੱਦਦ ਢਾਹਿਆ ਗਿਆ। ਬਾਅਦ ‘ਚ ਮਹਿਲਾ ਨੂੰ ਜ਼ਖ਼ਮੀ ਹਾਲਤ ‘ਚ ਉਸ ਦੇ ਘਰ ਬਾਹਰ ਸੁੱਟ ਦਿੱਤਾ ਗਿਆ।

ਮਹਿਲਾ ਨੂੰ ਉਸ ਦੇ ਪਤੀ ਨੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੇ ਹਸਪਤਾਲ ਪ੍ਰਸਾਸ਼ਨ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਡਰੀ ਹੋਈ ਮਹਿਲਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਪੁਲਿਸ ਨੂੰ ਕੁਝ ਵੀ ਦੱਸਿਆ ਤਾਂ ਉਸ ਦੀ ਵੀਡੀਓ ਨੂੰ ਉਹ ਸੋਸ਼ਲ ਮੀਡੀਆ ‘ਤੇ ਵਾਈਰਲ ਕਰ ਦੇਣਗੇ।

ਥਾਣਾ ਸਿਟੀ ਸਾਉਥ ਦੇ ਸਬ ਇੰਸਪੈਕਟਰ ਨਾਹਰ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਬਿਆਨ ਦਰਜ ਕਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।