ਗੁਰਦਾਸਪੁਰ: ਕੰਮ ਦੀ ਭਾਲ ਵਿੱਚ ਦੁਬਈ ਗਈ ਪੰਜਾਬਣ ਨੂੰ ਚੰਦ ਪੈਸਿਆਂ ਲਈ ਕੁਵੈਤ ਦੇ ਸ਼ੇਖ ਨੂੰ ਵੇਚ ਦਿੱਤਾ ਗਿਆ। ਕਰੀਬ ਇੱਕ ਸਾਲ ਬਾਅਦ ਇਸ ਮਹਿਲਾ ਦੀ ਘਰ ਵਾਪਸੀ ਹੋਈ ਹੈ। ਵਤਨ ਵਾਪਸੀ ਬਾਅਦ ਮਹਿਲਾ ਨੇ ਆਪਣੇ ਨਾਲ ਵਾਪਰੀ ਹੱਡਬੀਤੀ ਬਿਆਨ ਕੀਤੀ। ਮਹਿਲਾ ਮੁਤਾਬਕ ਪੰਜਾਬ ਦਾ ਇੱਕ ਏਜੰਟ ਉਸ ਨੂੰ ਕੰਮ ਦਿਵਾਉਣ ਦੇ ਬਹਾਨੇ ਦੁਬਈ ਲੈ ਕੇ ਗਿਆ ਪਰ ਉੱਥੋਂ ਪੈਸਿਆਂ ਖਾਤਰ ਉਸ ਨੂੰ ਕੁਵੈਤ ਦੇ ਇੱਕ ਸ਼ੇਖ ਨੂੰ ਵੇਚ ਦਿੱਤਾ ਗਿਆ। ਇਸ ਤੋਂ ਬਾਅਦ ਕਰੀਬ ਇੱਕ ਸਾਲ ਤੱਕ ਇੱਕ ਪਰਿਵਾਰ ਇਸ ਮਹਿਲਾ ਨੂੰ ਕੁੱਟਦਾ-ਮਾਰਦਾ ਰਿਹਾ। ਘਰ ਦਾ ਸਾਰਾ ਕੰਮ ਕਰਵਾਉਣ ਦੇ ਬਾਵਜੂਦ ਮਹਿਲਾ ਨੂੰ ਕੋਈ ਪੈਸਾ ਨਹੀਂ ਦਿੱਤਾ ਤੇ ਨਾ ਹੀ ਕਦੇ ਆਪਣੇ ਪਰਿਵਾਰ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ।

ਮਹਿਲਾ ਨੇ ਖਾਸ ਗੱਲਬਾਤ ਕਰਦਿਆਂ ਆਪਣੀ ਕਹਾਣੀ ਸੁਣਾਈ। ਉਸ ਨੇ ਕਿਹਾ ਇੱਕ ਸਾਲ ਤਕ ਇੱਕ ਪਰਿਵਾਰ ਨੇ ਰੱਜ ਕੇ ਉਸ 'ਤੇ ਤਸ਼ੱਦਦ ਕੀਤੀ। ਏਜੰਟ ਕੰਮ ਦਾ ਝਾਂਸਾ ਦੇ ਕੇ ਉਸ ਨੂੰ ਬਾਹਰ ਲੈ ਗਿਆ ਜਿੱਥੇ ਇੱਕ ਪਰਿਵਾਰ ਨੇ ਇੱਕ ਸਾਲ ਉਸ ਦੀ ਕੁੱਟਮਾਰ ਕੀਤੀ। ਮਹਿਲਾ ਨੇ ਕਿਹਾ ਕਿ ਨਾ ਹੀ ਉਸ ਨੂੰ ਕੰਮ ਕਰਨ ਦੇ ਪੈਸੇ ਦਿੱਤੇ ਜਾਂਦੇ ਸੀ ਅਤੇ ਨਾ ਹੀ ਖਾਣਾ। ਉਸ ਪਰਿਵਾਰ ਨੇ ਉਸ ਦਾ ਫੋਨ ਖੋਹ ਲਿਆ ਸੀ, ਜਿਸ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਇੱਕ ਸਾਲ ਤੱਕ ਦੂਰ ਰਹੀ।

ਮਹਿਲਾ ਦੇ ਪਰਿਵਾਰ ਨੇ ਪੰਜਾਬ ਵਿੱਚ ਪੰਜਾਬ ਦੀ ਲੀਗਲ ਸਰਵਿਸਿਜ਼ ਅਥਾਰਿਟੀ ਤੱਕ ਪਹੁੰਚ ਕੀਤੀ। ਇਸ ਦੇ ਨਾਲ ਹੀ ਕੁਵੈਤ ਵਿੱਚ ਕੰਮ ਕਰ ਰਹੀ ਇੱਕ ਐਨਜੀਓ ਨੇ ਵੀ ਮਹਿਲਾ ਦੀ ਕੁਵੈਤ ਵਿੱਚ ਭਾਲ ਕਰ ਲਈ। ਪੰਜਾਬ ਲੀਗਲ ਸਰਵਿਸਿਜ਼ ਅਥਾਰਿਟੀ ਦੇ ਸੈਕਟਰੀ ਰੁਪਿੰਦਰ ਚਹਿਲ ਨੇ ਕਿਹਾ ਕਿ ਕਿ ਮਹਿਲਾ ਨੂੰ ਕੁਵੈਤ ਤੋਂ ਪੰਜਾਬ ਲਿਆਉਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਬਾਹਰਲੀ ਇੱਕ ਐਨਜੀਓ ਦੀ ਮਦਦ ਨਾਲ ਮਹਿਲਾ ਅੱਜ ਪੰਜਾਬ ਵਿੱਚ ਪਹੁੰਚ ਚੁੱਕੀ ਹੈ।

ਰੁਪਿੰਦਰ ਚਹਿਲ ਨੇ ਕਿਹਾ ਕਿ ਏਜੰਟ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਹਿਲਾ ਨੂੰ ਵੀ ਟਰੀਟਮੈਂਟ ਦਿੱਤਾ ਜਾ ਰਿਹਾ ਹੈ। ਰੁਪਿੰਦਰ ਚਹਿਲ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਤੋਂ ਨਾ ਵਾਪਰਨ ਉਸ ਲਈ ਪੰਜਾਬ ਸਟੇਟ ਲੀਗਲ ਅਥਾਰਿਟੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾ ਰਹੀ ਹੈ ਤਾਂ ਕਿ ਗੈਰ ਕਾਨੂੰਨੀ ਏਜੰਟਾਂ ਤੋਂ ਬਚਿਆ ਜਾ ਸਕੇ।