ਸਾਊਦੀ ਅਰਬ 'ਚ ਫਸੀਆਂ ਮਾਵਾਂ-ਧੀਆਂ 'ਚੋਂ ਇੱਕ ਪੁੱਜੀ ਆਪਣੇ ਘਰ
ਏਬੀਪੀ ਸਾਂਝਾ | 04 Nov 2017 07:10 PM (IST)
ਸਾਊਦੀ ਅਰਬ ਵਿੱਚ ਫਸੀ ਸ਼ਹੀਦ ਭਗਤ ਸਿੰਘ ਨਗਰ ਗੜ੍ਹੀ ਫ਼ਤਿਹ ਖ਼ਾਂ ਦੀ ਰਹਿਣ ਵਾਲੀ ਗੁਰਬਖਸ਼ ਕੌਰ ਅੱਜ ਆਪਣੇ ਵਤਨ ਵਾਪਸ ਪਰਤ ਆਈ ਹੈ। ਗੁਰਬਖਸ਼ ਕੌਰ ਤੇ ਉਸ ਦੀ ਧੀ ਰੀਨਾ ਨੂੰ ਮਲੇਸ਼ੀਆ ਭੇਜਣ ਦੇ ਨਾਂਅ 'ਤੇ 3 ਮਹੀਨੇ ਪਹਿਲਾਂ ਏਜੰਟਾਂ ਨੇ ਧੋਖੇ ਨਾਲ ਭੇਜ ਸਾਊਦੀ ਅਰਬ ਦਿੱਤਾ ਸੀ। ਅੱਜ ਸਵੇਰੇ ਨਵੀਂ ਦਿੱਲੀ ਹਵਾਈ ਅੱਡੇ ਪਹੁੰਚੀ ਗੁਰਬਖ਼ਸ਼ ਕੌਰ ਅੱਜ ਬਾਅਦ ਦੁਪਿਹਰ ਆਪਣੇ ਪਿੰਡ ਪਰਤ ਆਈ। ਤਰਸਯੋਗ ਹਾਲਤ ਵਿੱਚ ਪੁੱਜੀ ਗੁਰਬਖਸ਼ ਦੇ ਪੈਰ ਵਿੱਚ ਚੱਪਲਾਂ ਤਕ ਵੀ ਨਹੀਂ ਸੀ। ਆਪਣੇ ਪਰਿਵਾਰ ਨਾਲ ਮਿਲ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗ ਗਈ। ਇੱਕ ਪਾਸੇ ਗੁਰਬਖਸ਼ ਕੌਰ ਦੇ ਵਾਪਸ ਆਉਣ ਤੋਂ ਬਾਅਦ ਪਰਿਵਾਰ ਨੂੰ ਕੁਝ ਰਾਹਤ ਹੋਈ ਹੈ ਦੂਜੇ ਪਾਸੇ ਗੁਰਬਖਸ਼ ਕੌਰ ਦੀ ਧੀ ਰੀਨਾ ਹਾਲੇ ਵੀ ਸਾਊਦੀ ਅਰਬ 'ਚ ਲਾਪਤਾ ਹੈ। ਕਾਫੀ ਦਿਨ ਹੋ ਗਏ ਹਨ, ਉਸ ਦਾ ਜਾਂ ਉਸ ਦੇ ਪਰਿਵਾਰ ਦਾ ਧੀ ਰੀਨਾ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ, ਜਿਸ ਕਾਰਨ ਪੂਰਾ ਪਰਿਵਾਰ ਚਿੰਤਤ ਹੈ। ਬੀਤੀ 29 ਅਕਤੂਬਰ ਨੂੰ ਗੁਰਬਖਸ਼ ਕੌਰ ਨੇ ਸਾਊਦੀ ਅਰਬ ਤੋਂ ਹੀ ਇੱਕ ਵੀਡੀਓ ਬਣਾ ਕੇ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ ਬਾਰੇ ਸੂਚਿਤ ਕੀਤਾ ਸੀ। ਵਿਦੇਸ਼ ਮੰਤਰੀ ਵੱਲੋਂ ਇਸ ਮਾਮਲੇ 'ਤੇ ਤੇਜ਼ੀ ਨਾਲ ਹੋਈ ਕਾਰਵਾਈ ਸਦਕਾ ਪੀੜਤ ਔਰਤ ਨੂੰ ਵੱਡੀ ਰਾਹਤ ਮਿਲੀ ਹੈ।