ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਤੇ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਵਿਚਾਲੇ ਇੱਕ-ਦੂਜੇ ਨੂੰ ਗੱਦਾਰ ਸਾਬਤ ਕਰਕਨ ਦੀ ਜੰਗ ਹੋਰ ਤੇਜ਼ ਹੋ ਗਈ ਹੈ। ਨਵਜੋਤ ਸਿੱਧੂ ਅੱਜ ਸਬੂਤ ਲੈ ਕੇ ਪਹੁੰਚੇ ਕਿ ਮਜੀਠੀਆ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਦੀ ਅੰਗਰੇਜ਼ ਅਫਸਰ ਜਨਰਲ ਡਾਇਰ ਨਾਲ ਨੇੜਤਾ ਸੀ। ਸਿੱਧੂ ਨੇ ਬਾਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਮਜੀਠੀਆ ਵੱਲੋਂ ਮੰਗੇ ਸਬੂਤ ਇਹ ਹਨ। ਸਿੱਧੂ ਨੇ ਆਪਣੇ ਸਾਥੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਕੁਲਜੀਤ ਸਿੰਘ ਨਾਗਰਾ ਨਾਲ ਸਬੂਤ ਪੇਸ਼ ਕਰਦਿਆਂ ਕਿਹਾ ਕਿ ਕਿਸੇ ਵੇਲੇ ਅਕਾਲੀ ਦਲ ਨੇ ਵੀ ਸੁੰਦਰ ਸਿੰਘ ਮਜੀਠੀਆ ਦੀ ਜਨਰਲ ਡਾਇਰ ਨਾਲ ਨੇੜਤਾ ਦਾ ਖੰਡਨ ਕੀਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜਿਹੜੇ ਲੋਕਾਂ ਦੀ ਕਦੇ ਅਲੋਚਨਾ ਕਰਦਾ ਸੀ, ਅੱਜ ਉਹ ਲੋਕ ਹੀ ਪਾਰਟੀ 'ਤੇ ਕਾਬਜ਼ ਹਨ। ਦੂਜੇ ਪਾਸੇ ਮਜੀਠੀਆ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਪੁਰਖਿਆਂ ਬਾਰੇ ਸਿੱਧੀ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਆਵਾਜ਼ ਬੰਦ ਕਰਨ ਲਈ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਂਗਰਸ ਜਨਤਕ ਮੁੱਦਿਆਂ ਨੂੰ ਮੁਖਾਤਬ ਹੋਣ ਦੀ ਬਜਾਏ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾ ਰਹੀ ਹੈ।