ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਜੇਕਰ ਰਾਜ ਸੂਚਨਾ ਕਮਿਸ਼ਨ ਵੱਲੋਂ ਜਾਰੀ ਕੀਤੇ ਮੁੱਢਲੇ ਅੰਕੜਿਆਂ ਉੱਤੇ ਝਾਤ ਪਾਈ ਜਾਵੇ ਤਾਂ ਪੰਜਾਬ ਵਿੱਚ ਕਰਵਾਈਆਂ ਜਾ ਰਹੀਆਂ ਪੰਚਾਇਤ ਚੋਣਾਂ ਲੋਕਤੰਤਰੀ ਪ੍ਰਕਿਰਿਆ ਦਾ ਮਜ਼ਾਕ ਉਡਾਉਂਦੀਆਂ ਨਜ਼ਰ ਆ ਰਹੀਆਂ ਹਨ। ਇਸ ਸਬੰਧੀ ਰਾਜ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਵਿੱਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਭਰ ਵਿੱਚ ਸਰਪੰਚਾਂ ਦੀਆਂ 13,726 ਸੀਟਾਂ ਲਈ ਕੁੱਲ 9700 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।

ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਸਰਪੰਚਾਂ ਦੀਆਂ ਸੈਂਕੜੇ ਸੀਟਾਂ ਲਈ ਕਿਸੇ ਵੀ ਉਮੀਦਵਾਰ ਨੇ ਕਾਗਜ਼ ਦਾਖ਼ਲ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪਿੰਡਾਂ 'ਚ ਸਭ ਤੋਂ ਉੱਚੇ ਅਹੁਦੇ ਯਾਨੀ ਸਰਪੰਚ ਵਾਸਤੇ ਕੋਈ ਮੁਕਾਬਲਾ ਹੀ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਪੰਚਾਂ ਦੀ ਚੋਣ ਦੇ ਮਾਮਲੇ ਵਿੱਚ ਸਥਿਤੀ ਹੋਰ ਵੀ ਮਾੜੀ ਹੈ। ਤਕਰੀਬਨ 85 ਹਜ਼ਾਰ ਸੀਟਾਂ ਲਈ ਸਿਰਫ 27 ਹਜ਼ਾਰ ਉਮੀਦਵਾਰ ਮੈਦਾਨ ਵਿੱਚ ਹਨ। ਇਸ ਤਰ੍ਹਾਂ ਪੰਚਾਂ ਦੀਆਂ ਵੀ ਲਗਪਗ ਦੋ ਤਿਹਾਈ ਸੀਟਾਂ ਲਈ ਕੋਈ ਉਮੀਦਵਾਰ ਮੈਦਾਨ ਵਿੱਚ ਨਹੀਂ।

ਚੀਮਾ ਨੇ ਇਲਜ਼ਾਮ ਲਾਇਆ ਹੈ ਕਿ ਇੰਨੇ ਗਲਤ ਅੰਕੜਿਆਂ ਨੂੰ ਬਿਨਾਂ ਪੁਸ਼ਟੀ ਕੀਤਿਆਂ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਗਲਤ ਅੰਕੜਿਆਂ ਨੂੰ ਲੈ ਕੇ ਉੱਠ ਰਹੀਆਂ ਅਫਵਾਹਾਂ ਨੂੰ ਰੋਕਣ ਲਈ ਤੁਰੰਤ ਸਹੀ ਅੰਕੜੇ ਜਾਰੀ ਕੀਤੇ ਜਾਣ, ਜਿਸ ਨਾਲ ਪੰਜਾਬ ਦੀ ਜਨਤਾ ਦਾ ਲੋਕਤੰਤਰ ਤੇ ਚੋਣ ਪ੍ਰਕਿਰਿਆ ਵਿੱਚ ਵਿਸ਼ਵਾਸ਼ ਬਰਕਰਾਰ ਰਹਿ ਸਕੇ। ਉਨ੍ਹਾਂ ਕਿਹਾ ਕਿ ਇਹ ਸਾਰੇ ਅੰਕੜੇ ਚੋਣ ਕਮਿਸ਼ਨ ਦੇ ਹਵਾਲੇ ਨਾਲ ਸਾਰੇ ਮੁੱਖ ਅਖਬਾਰਾਂ ਵਿੱਚ ਛਾਪੇ ਜਾ ਚੁੱਕੇ ਹਨ, ਜਿਸ ਕਰਕੇ ਭਰੋਸੇਯੋਗ ਲੱਗਦੇ ਹਨ।