ਚੰਡੀਗੜ੍ਹ: ਸਵਰਾਜ ਅਭਿਆਨ ਲੇ ਲੀਡਰ ਯੋਗਿੰਦਰ ਯਾਦਵ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਜਿਵੇਂ ਇੱਕਦਮ ਚੜ੍ਹਾਈ ਹੋਈ ਸੀ, ਉਸੇ ਤਰਾਂ ਇੱਕਦਮ ਪਤਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਦਾ ਹਾਲ ਵੀ ਪੀਪਲਜ਼ ਪਾਰਟੀ ਆਫ ਪੰਜਾਬ ਵਾਲਾ ਹੋਏਗਾ। ਯਾਦ ਰਹੇ ਯਾਦਵ ਆਮ ਆਦਮੀ ਪਾਰਟੀ ਦੇ ਮੋਢੀ ਮੈਂਬਰਾਂ ਵਿੱਚੋਂ ਹਨ। ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਦੀ ਅਲੋਚਨਾ ਕਰਨ ਕਰਕੇ 'ਆਪ' ਵਿੱਚ ਕੱਢ ਦਿੱਤਾ ਗਿਆ ਸੀ। ਯਾਦਵ ਸਰਵੇਖਣਾਂ ਤੇ ਸਿਆਸੀ ਵਿਸ਼ਲੇਸ਼ਣ ਦੇ ਮਾਹਿਰ ਮੰਨੇ ਜਾਂਦੇ ਹਨ। ਬੁੱਧਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਯਾਦਵ ਨੇ ਕਿਹਾ ਕਿ ਕੋਈ ਵੇਲਾ ਸੀ ਜਦੋਂ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਉਭਾਰ ਹੋਇਆ ਸੀ ਪਰ ਹੁਣ ਸਿਆਸੀ ਸਮੀਕਰਨਾਂ ਬਦਲ ਗਈਆਂ ਹਨ। ਹੁਣ 'ਆਪ' ਦਾ ਤੇਜ਼ੀ ਨਾਲ ਪਤਨ ਹੋ ਰਿਹਾ ਹੈ। ਅਜੇ ਇਹ ਦੱਸਣਾ ਮੁਸ਼ਕਲ ਹੈ ਕਿ ਇਹ ਪਤਨ ਕਿੱਥੇ ਜਾ ਕੇ ਰੁਕੇਗਾ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਉਤਸ਼ਾਹ ਖਤਮ ਹੋ ਗਿਆ ਹੈ। ਲੋਕ ਨਿਰਾਸ਼ ਹੋ ਕੇ ਮੁੜ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਵੱਲ ਮੁੜਨ ਲੱਗੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ 'ਆਪ' ਵੱਲੋਂ ਖਾਲੀ ਕੀਤੀ ਥਾਂ ਤੀਜੇ ਫਰੰਟ ਵਜੋਂ ਲੈਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਬਾਰੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਵੀ ਛੋਟੇਪੁਰ ਬਾਰੇ ਅਜਿਹਾ ਨਹੀਂ ਸੁਣਿਆ। ਉਨ੍ਹਾਂ ਕਿਹਾ ਕਿ 'ਆਪ' ਆਪਣੇ ਮਕਸਦ ਤੋਂ ਭੜਕ ਗਈ ਹੈ।