ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਮੰਗਲਵਾਰ ਨੂੰ ਰਸਮੀ ਤੌਰ ’ਤੇ ਅਸਤੀਫ਼ਾ ਦੇ ਕੇ ਕਾਂਗਰਸ ਪਾਰਟੀ (Resgin From Congress) ਤੋਂ ਵੱਖ ਹੋ ਗਏ। ਇਸ ਦੌਰਾਨ ਕੈਪਟਨ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੂੰ ਸੱਤ ਸਫ਼ਿਆਂ ਦਾ ਅਸਤੀਫ਼ਾ ਭੇਜਦਿਆਂ ਖਰੀਆਂ-ਖਰੀਆਂ ਸੁਣਾਉਂਦਿਆਂ ਆਪਣੇ ਮਨ ਦੀ ਰੱਜ ਕੇ ਭੜਾਸ ਕੱਢੀ। ਕੈਪਟਨ ਨੇ ਅਸਤੀਫ਼ੇ ਵਿੱਚ ਆਪਣੇ ਸਿਆਸੀ ਜੀਵਨ, ਮੌਜੂਦਾ ਸਿਆਸੀ ਹਾਲਾਤ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਨ ਦੇ ਨਾਲ ਨਵਜੋਤ ਸਿੱਧੂ, ਹਰੀਸ਼ ਰਾਵਤ ਤੋਂ ਇਲਾਵਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ’ਤੇ ਵੀ ਨਿਸ਼ਾਨੇ ਸਾਧੇ ਹਨ।
ਕੈਪਟਨ ਨੇ ਕਿਹਾ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਸਭ ਕੁਝ ਹੁੰਦਾ ਦੇਖਦੇ ਰਹੇ। ਉਨ੍ਹਾਂ ਅਸਤੀਫ਼ੇ ਵਿੱਚ ਲਿਖਿਆ ਕਿ ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਸੌਂਪੀ ਗਈ ਤੇ ਸਿੱਧੂ ਨੇ ਕਦੇ ਉਨ੍ਹਾਂ ਦੀ ਉਮਰ ਦਾ ਲਿਹਾਜ਼ ਨਹੀਂ ਕੀਤਾ। ਉਨ੍ਹਾਂ ਲਿਖਿਆ ਕਿ ਉਹ ਦੇਸ਼ ਤੇ ਪੰਜਾਬ ਹਿੱਤ ਵਿੱਚ ਪਾਰਟੀ ਤੋਂ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਲਿਖਿਆ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਸਾਜ਼ਿਸ਼ੀ ਤਰੀਕੇ ਨਾਲ ਹੱਥੋ-ਹੱਥ ਸੀਐਲਪੀ ਦੀ ਮੀਟਿੰਗ ਸੱਦੀ ਤੇ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਇਸ ਕਾਰਵਾਈ ਨੇ ਉਨ੍ਹਾਂ ਨੂੰ ਐਮਰਜੈਂਸੀ ਚੇਤੇ ਕਰਵਾ ਦਿੱਤੀ।
ਕੈਪਟਨ ਨੇ ਮੁੜ ਨਵਜੋਤ ਸਿੱਧੂ ਅਤੇ ਜਨਰਲ ਬਾਜਵਾ ਦੀ ਜੱਫੀ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਲਿਖਿਆ ਕਿ ਨਵਜੋਤ ਸਿੱਧੂ ਨੇ ਸਰਕਾਰ ’ਤੇ ਲਗਾਤਾਰ ਹੱਲੇ ਬੋਲੇ, ਜਿਸ ਨੂੰ ਰਾਹੁਲ ਤੇ ਪ੍ਰਿਯੰਕਾ ਨੇ ਸਰਪ੍ਰਸਤੀ ਦਿੱਤੀ। ਆਪਣੀ ਪ੍ਰਾਪਤੀਆਂ ਵਿਚ ਉਨ੍ਹਾਂ ਕੋਵਿਡ ਮਹਾਮਾਰੀ ਤੇ ਨਸ਼ਾ ਤਸਕਰੀ ਖ਼ਿਲਾਫ਼ ਚੁੱਕੇ ਕਦਮਾਂ ਦੀ ਚਰਚਾ ਕਰਦੇ ਹੋਏ 92 ਫ਼ੀਸਦੀ ਚੋਣ ਵਾਅਦੇ ਪੂਰੇ ਕਰਨ ਦੀ ਗੱਲ ਵੀ ਲਿਖੀ ਹੈ। ਉਨ੍ਹਾਂ ਰੇਤ ਮਾਫ਼ੀਏ ਨਾਲ ਕਾਂਗਰਸ ਦੇ ਕਈ ਵਿਧਾਇਕਾਂ ਤੇ ਵਜ਼ੀਰਾਂ ਦੇ ਨਾਮ ਜੁੜਦੇ ਹੋਣ ਦੀ ਗੱਲ ਵੀ ਰੱਖੀ।
ਕੈਪਟਨ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਨਾਲ ਆਪਣੇ ਰਿਸ਼ਤਿਆਂ ਦੇ ਹਵਾਲੇ ਨਾਲ ਬੱਚਿਆਂ (ਰਾਹੁਲ ਤੇ ਪ੍ਰਿਯੰਕਾ) ਵੱਲੋਂ ਦਿਖਾਏ ਤੇਵਰਾਂ ’ਤੇ ਗਿਲਾ ਜ਼ਾਹਰ ਕੀਤਾ। ਉਨ੍ਹਾਂ ਨੇ ਅਸਤੀਫ਼ੇ ਵਿਚ ਕੰਦੂਖੇੜਾ ਵਿੱਚ 1985 ਵਿਚ ਦਿੱਤੇ ਪਹਿਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਬੋਹਰ ਫ਼ਾਜ਼ਿਲਕਾ ਦੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ ਵਿੱਚ ਜਾਣ ਤੋਂ ਰੋਕਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ। ਉਨ੍ਹਾਂ ਪਾਣੀਆਂ ਦੇ ਸਮਝੌਤੇ ਰੱਦ ਕਰਨ ਨੂੰ ਆਪਣੀ ਪ੍ਰਾਪਤੀ ਦੱਸਿਆ।
ਦੱਸ ਦਈਏ ਕਿ ਕੈਪਟਨ ਅਮਰਿੰਦਰ ਨੇ 18 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਤੇ ਉਦੋਂ ਤੋਂ ਹੀ ਉਹ ਕਾਂਗਰਸ ਤੋਂ ਖ਼ਫ਼ਾ ਚਲੇ ਆ ਰਹੇ ਸਨ। ਸਾਬਕਾ ਮੁੱਖ ਮੰਤਰੀ ਨੇ 28 ਅਕਤੂਬਰ ਨੂੰ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋਣ ਤੇ ਭਾਜਪਾ ਲੀਡਰਸ਼ਿਪ ਨਾਲ ਕੀਤੀਆਂ ਸਿਆਸੀ ਮਿਲਣੀਆਂ ਪਿੱਛੋਂ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਉਣ ਦਾ ਇਸ਼ਾਰਾ ਕੀਤਾ ਸੀ।
ਇਹ ਵੀ ਪੜ੍ਹੋ: Captain Amarinder Singh: ਪੰਜਾਬ 'ਚ ਚੱਲੇਗਾ ਕੈਪਟਨ ਦਾ ਸਿਆਸੀ ਦਾਅ? ਮਹਿੰਗੀ ਪੈ ਸਕਦੀ ਬੀਜੇਪੀ ਨਾਲ 'ਯਾਰੀ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin