ਮੋਗਾ: ਮੋਗਾ ਵਿੱਚ ਵੀਰਵਾਰ ਨੂੰ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਨੌਜਵਾਨ ਪੂਰੇ 30 ਏਕੜ ਜ਼ਮੀਨ ਦਾ ਮਾਲਕ ਸੀ ਪਰ ਟਰਾਂਸਫਾਰਮਰ ਵਿੱਚੋਂ ਤੇਲ ਚੋਰੀ ਕਰ ਰਿਹਾ ਸੀ। ਇਸੇ ਦੌਰਾਨ ਬਿਜਲੀ ਦੇ ਝਟਕੇ ਨਾਲ ਜ਼ਮੀਨ 'ਤੇ ਜਾ ਡਿੱਗਾ। ਕੋਲ ਹੀ ਉਸ ਦੀ ਗੱਡੀ ਵਿੱਚ 6-7 ਡਰੰਮ ਵੀ ਰੱਖੇ ਹੋਏ ਸੀ। ਲੋਕਾਂ ਨੂੰ ਪਤਾ ਲੱਗਣ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਪੋਸਟਮਾਰਟਮ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਮਾਮਲਾ ਜਾਂਚ ਅਧੀਨ ਹੈ।

ਮਿਲੀ ਜਾਣਕਾਰੀ ਮੁਤਾਬਕ ਨਸ਼ੇ ਲਈ ਬਦਨਾਮ ਮੋਗਾ ਜ਼ਿਲ੍ਹੇ ਦੇ ਪਿੰਡ ਦੌਲੇਵਾਲਾ ਕਲਾਂ ਦਾ ਗੁਰਚਰਨ ਸਿੰਘ ਟਰਾਂਸਫਾਰਮਰਾਂ ਵਿੱਚੋਂ ਚੋਰੀ ਤੇਲ ਕੱਢਣ ਦਾ ਕੰਮ ਕਰਦਾ ਸੀ। ਬੁੱਧਵਾਰ ਰਾਤ ਪਿੰਡ ਮੰਸੂਰਵਾਲ ਵਿੱਚ ਆਪਣੀ ਸਵਿਫਟ ਕਾਰ 'ਤੇ ਰਿਵਾਲਵਰ ਸਮੇਤ ਜਦੋਂ ਤੇਲ ਕੱਢਣ ਲਈ ਉੱਪਰ ਚੜ੍ਹਿਆ ਤਾਂ ਕਰੰਟ ਦੀ ਚਪੇਟ ਵਿੱਚ ਆ ਗਿਆ ਤੇ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।

ਹਾਲਾਂਕਿ ਪਤਾ ਲੱਗਾ ਹੈ ਕਿ ਉੱਪਰ ਚੜ੍ਹਨ ਤੋਂ ਪਹਿਲਾਂ ਉਸ ਨੇ ਬਿਜਲੀ ਦਾ ਕੁਨੈਕਸ਼ਨ ਕੱਟ ਲਿਆ ਸੀ। ਫਿਰ ਵੀ ਪਤਾ ਨਹੀਂ ਕਿਸ ਤਰ੍ਹਾਂ ਇੱਕ ਫੇਜ਼ ਵਿੱਚ ਕਰੰਟ ਕਿਵੇਂ ਆ ਗਿਆ। ਮ੍ਰਿਤਕ ਦੀ ਉਮਰ 40 ਸਾਲ ਦੇ ਲਗਪਗ ਹੈ। ਉਸ ਦਾ ਯੂਪੀ ਦੀ ਰਹਿਣ ਵਾਲੀ ਕੁੜੀ ਨਾਲ ਵਿਆਹ ਹੋਇਆ ਸੀ, ਜਿੱਥੇ 28 ਏਕੜ ਜ਼ਮੀਨ ਸੀ ਤੇ 2 ਏਕੜ ਜ਼ਮੀਨ ਪਿੰਡ ਦੌਲੇਵਾਲ ਕਲਾਂ ਨੇੜੇ ਧਰਮਕੋਟ ਵਿੱਚ ਸੀ। ਦੋਵਾਂ ਥਾਵਾਂ ਦੀ 30 ਏਕੜ ਜ਼ਮੀਨ ਉਹੀ ਸੰਭਾਲਦਾ ਸੀ।