ਮੁਕਤਸਰ: ਸ਼ਹਿਰ ਦੇ ਸਦਰ ਬਾਜ਼ਾਰ ਵਿੱਚ ਬਿਊਟੀ ਪਾਰਲਰ ਵਿੱਚ ਤਿਆਰ ਹੋਣ ਆਈ ਲੜਕੀ ਨੂੰ ਕੁਝ ਹਥਿਆਰਬੰਦ ਨੌਜਵਾਨਾਂ ਨੇ ਅਗਵਾ ਕਰ ਲਿਆ। ਘਟਨਾ ਸਵੇਰੇ 6:30 ਵਜੇ ਵਾਪਰੀ। ਘਟਨਾ ਦਾ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਫਾਜ਼ਿਲਕਾ ਜ਼ਿਲ੍ਹੇ ਦੇ ਕਿਸੇ ਪਿੰਡ ਤੋਂ 30 ਸਾਲਾ ਮਹਿਲਾ ਬ੍ਰਾਈਡਲ ਮੇਕਅੱਪ ਲਈ ਸੈਲੂਨ ਪਹੁੰਚੀ ਸੀ। ਉਸ ਦਾ ਭਰਾ ਲਗਪਗ ਸਵੇਰੇ 6 ਵਜੇ ਉਸ ਨੂੰ ਸੈਲੂਨ ਛੱਡ ਕੇ ਗਿਆ ਸੀ। ਇਸ ਤੋਂ ਬਾਅਦ ਕਰੀਬ 6:30 ਵਜੇ ਕੁਝ ਹਥਿਆਰਬੰਦ ਨੌਜਵਾਨ ਕਾਰਾਂ ਵਿੱਚ ਸੈਲੂਨ ਪੁੱਜੇ ਤੇ ਮਹਿਲਾ ਨੂੰ ਅਗਵਾ ਕਰ ਕੇ ਲੈ ਗਏ।
ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫੁਟੇਜ਼ ਦੇ ਆਧਾਰ ’ਤੇ ਸੂਤਰਾਂ ਨੇ ਦੱਸਿਆ ਕਿ ਮਹਿਲਾ ਨੇ ਅਗਵਾਕਾਰਾਂ ਦਾ ਵਿਰੋਧ ਕੀਤਾ ਪਰ ਉਹ ਆਪਣੇ-ਆਪ ਨੂੰ ਛੁਡਾ ਨਾ ਸਕੀ। ਫੁਟੇਜ਼ ਮੁਤਾਬਕ ਅਗਵਾਕਾਰਾਂ ਹਥਿਆਰਾਂ ਨਾਲ ਲੈਸ ਹਨ ਤੇ ਪੂਰੀ ਤਿਆਰੀ ਨਾਲ ਮਹਿਲਾ ਨੂੰ ਅਗਵਾ ਕਰਨ ਲਈ ਆਏ ਸਨ।
ਪੁਲਿਸ ਨੇ ਮਹਿਲਾ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਦੋ ਨੌਜਵਾਨਾਂ ਤੇ ਕੁਝ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਹਿਲਾ ਦੀ ਭਾਲ ਕਰਨ ਦੀ ਕੋਸ਼ਿਸ਼ ਜਾਰੀ ਹੈ। ਨੌਜਵਾਨਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।