ਨਵੀਂ ਦਿੱਲੀ: ਚੱਕਰਵਾਤੀ ਤੂਫਾਨ ਤੇ ਮੌਸਮ ਦਾ ਮਿਜਾਜ਼ ਬਦਲਣ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਛਲੇ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਹੋਈ ਬਾਰਸ਼ ਨੇ ਪਿਛਲੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ਹਿਰ ‘ਚ 24 ਘੰਟਿਆਂ ‘ਚ 75 ਮਿਲੀਮੀਟਰ ਬਾਰਸ਼ ਹੋਈ।
ਇਸ ਤੇਜ਼ ਮੀਂਹ ਕਾਰਨ ਪੰਜ ਮੰਜ਼ਲਾ ਇਮਾਰਤ ਵੀ ਡਿੱਗ ਗਈ ਪਰ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
ਦੇਸ਼ ਦੇ ਕਈ ਹਿੱਸਿਆਂ ‘ਚ ਆਮ ਨਾਲੋਂ ਘੱਟ ਸੀ ਤਾਪਮਾਨ:
ਦੱਸ ਦਈਏ ਕਿ ਦੇਸ਼ ਦੇ ਕਈ ਹਿੱਸਿਆਂ ‘ਚ ਸ਼ਨੀਵਾਰ ਨੂੰ ਬਾਰਸ਼ ਹੋਈ ਸੀ, ਜਦਕਿ ਕੁਝ ਰਾਜਾਂ ‘ਚ ਇਸ ਮੌਸਮ ਅਨੁਸਾਰ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਹੇਠਾਂ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਕਿਹਾ ਹੈ ਕਿ
ਅਨੁਕੂਲ ਹਾਲਤਾਂ ਕਾਰਨ ਦੱਖਣ ਪੱਛਮੀ ਮਾਨਸੂਨ ਅੱਗੇ ਵਧ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਦੌਰਾਨ ਲੂ ਨਹੀਂ ਰਹਿਣ ਦੀ ਭਵਿੱਖਬਾਣੀ ਵੀ ਕੀਤੀ ਹੈ। -
ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਆਪਣੇ ਰੋਜ਼ਾਨਾ ਰਾਸ਼ਟਰੀ ਬੁਲੇਟਿਨ ਵਿੱਚ ਕਿਹਾ ਹੈ ਕਿ ਗੰਨਵਰਮ ਅਤੇ ਵਿਜੇਵਾੜਾ (ਤੱਟਵਰਤੀ ਆਂਧਰਾ ਪ੍ਰਦੇਸ਼) ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਤਾਪਮਾਨ 41.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ।
12-13 ਜੂਨ ਨੂੰ ਦਿੱਲੀ-ਐਨਸੀਆਰ ਵਿੱਚ ਬਾਰਸ਼ ਦੀ ਸੰਭਾਵਨਾ:
ਭਾਰਤੀ ਮੌਸਮ ਵਿਭਾਗ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ 15 ਜੂਨ ਤੱਕ ਖੇਤਰ ਵਿੱਚ ਲੂ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ 10 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਵਧੇਗਾ ਪਰ ਇਹ 40 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿਣ ਦੀ ਉਮੀਦ ਹੈ।
ਨਮੀ ਨਾਲ ਭਰੀਆਂ ਪੂਰਬੀ ਹਵਾਵਾਂ ਕਾਰਨ ਬੰਗਾਲ ਦੀ ਖਾੜੀ ਦੇ ਘੱਟ ਦਬਾਅ ਕਾਰਨ, 12 ਜੂਨ ਤੇ 13 ਜੂਨ ਨੂੰ ਦਿੱਲੀ-ਐਨਸੀਆਰ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਐਤਵਾਰ ਨੂੰ ਦਿੱਲੀ ਵਿੱਚ ਤੂਫਾਨ ਆਉਣ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਲਗਭਗ 37 ਡਿਗਰੀ ਅਤੇ ਘੱਟੋ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦੇ ਆਸ ਪਾਸ ਰਹੇਗਾ।