ਲੁਧਿਆਣਾ: ਕਾਂਗਰਸੀ ਨੇਤਾ ਰਵਨੀਤ ਸਿੰਘ ਬਿੱਟੂ ਨੂੰ ਫੋਨ 'ਤੇ ਜਾਨੋਂ ਮਾਰਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਤੋਂ ਲਗਾਤਾਰ ਬਿੱਟੂ ਨੂੰ ਵਿਦੇਸ਼ੀ ਫੋਨ ਨੰਬਰ ਤੋਂ ਫੋਨ ਆ ਰਹੇ ਹਨ। ਫੋਨ ਕਰਨ ਵਾਲਾ ਬਿੱਟੂ ਨੂੰ ਜਾਨੋਂ ਮਾਰਣ ਦੀ ਧਮਕੀ ਦੇ ਰਿਹਾ ਹੈ। ਇਸ ਦੇ ਨਾਲ ਹੀ ਉਹ ਫੋਨ 'ਤੇ ਭੱਦੀ ਸ਼ਬਦਾਵਲੀ ਦੀ ਵੀ ਵਰਤੋਂ ਕਰ ਰਿਹਾ ਹੈ।


ਇਸ ਧਮਕੀ 'ਤੇ ਬੋਲਦੇ ਹੋਏ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਚੁੱਕਣ ਦੇ ਨਾਲ-ਨਾਲ ਪੁਲਿਸ ਕੋਲ ਵੀ ਲੈ ਕੇ ਜਾਣਗੇ। ਬਿੱਟੂ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਨ੍ਹਾਂ ਨੂੰ ਸੋਧਾ ਲਾਉਣ ਦੇ ਦਿੱਤੇ ਬਿਆਨ ਤੋਂ ਹੀ ਬਾਅਦ ਹੀ ਅਜਿਹੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੋਵੇਗੀ।

ਬਿੱਟੂ ਨੇ ਕਿਹਾ ਕਿ ਇਹ ਲੋਕ ਪੰਜਾਬ ਛੱਡ ਕੇ ਵਿਦੇਸ਼ਾਂ ਵਿਚ ਐਸ਼ ਕਰਦੇ ਹਨ ਜਦ ਕਿ ਪੰਜਾਬ ਵਿਚ ਮਿਹਨਤ ਕਰਨ ਵਾਲਿਆਂ ਨੂੰ ਡਿਸਟਰਬ ਕਰ ਰਹੇ ਹਨ। ਬਿੱਟੂ ਨੇ ਕਿਹਾ ਕਿ ਅਜਿਹੀ ਕਰਤੂਤ ਕਰਨ ਵਾਲੇ ਆਈਐਸਆਈ ਦੇ ਟੱਟੂ ਹਨ ਅਤੇ ਉਨ੍ਹਾਂ ਦਾ ਮਕਸਦ ਅਜਿਹੇ ਬਿਆਨ ਦੇ ਕੇ ਡਾਲਰ ਕਮਾਉਣਾ ਹੈ। ਉਹ ਅਜਿਹੀ ਧਮਕੀਆਂ ਨਾਲ ਡਰਨ ਵਾਲੇ ਨਹੀਂ ਹਨ।