ਲੰਡਨ: ਪੁਲਵਾਮਾ ਹਮਲੇ ਦਾ ਮਾਸਟਰ ਮਾਇੰਡ ਮਸੂਦ ਅਜ਼ਹਰ ਪਾਕਿਸਤਾਨ ਆਰਮੀ ਦੀ ਕੈਦ 'ਚੋਂ ਗ਼ਾਇਬ ਹੋ ਗਿਆ ਹੈ। ਟੈਰਰ ਫੰਡਿੰਗ ਤੇ ਮਨੀ ਲਾਂਡਰਿੰਗ 'ਤੇ ਨਜ਼ਰ ਰੱਖਣ ਵਾਲੀ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ ਦੀ ਬੈਠਕ ਐਤਵਾਰ ਤੋਂ ਪੈਰਿਸ 'ਚ ਸ਼ੁਰੂ ਹੋ ਚੁੱਕੀ ਹੈ। ਇਸ 'ਚ ਆਈਐਮਐਫ, ਯੂਐਸ, ਵਿਸ਼ਵ ਬੈਂਕ ਤੇ ਹੋਰ ਸੰਗਠਨਾਂ ਸਮੇਤ 205 ਦੇਸ਼ਾਂ ਦੇ 800 ਪ੍ਰਤੀਨਿਧ ਸ਼ਾਮਲ ਹੋਏ ਹਨ।


ਇੱਕ ਰਿਪੋਰਟ 'ਚ ਭਾਰਤੀ ਡਿਪਲੋਮੇਟਾਂ ਦੇ ਹਵਾਲੇ ਤੋਂ ਕਿਹਾ ਕਿ ਭਾਰਤ ਬੈਠਕ 'ਚ ਪਾਕਿਸਤਾਨ 'ਤੇ ਮਸੂਦ ਅਜ਼ਹਰ 'ਤੇ ਐਕਸ਼ਨ ਲੈਣ ਲਈ ਦਬਾਅ ਬਣਾਏਗਾ। ਪਾਕਿਸਤਾਨ ਦੀ ਮੁੱਤਾਹਿਦਾ ਕੌਮੀ ਮੂਵਮੈਂਟ ਪਾਰਟੀ ਦੇ ਮੁਖੀ ਅਲਤਾਫ ਹੁਸੈਨ ਨੇ ਐਫਟੀਏਐਫ ਦੀ ਬੈਠਕ ਤੋਂ ਪਹਿਲਾਂ ਮਸੂਦ ਅਜ਼ਹਰ ਦੇ ਗ਼ਾਇਬ ਹੋਣ 'ਤੇ ਕਈ ਸਵਾਲ ਖੜ੍ਹੇ ਕੀਤੇ।

ਮਸੂਦ ਅਜ਼ਹਰ ਤੇ ਉਸ ਦਾ ਪਰਿਵਾਰ ਕਥਿਤ ਤੌਰ 'ਤੇ ਪਾਕਿਸਤਾਨ ਦੀ ਕਸਟਡੀ 'ਚੋਂ ਲਾਪਤਾ ਹੋ ਗਿਆ ਹੈ। ਜੈਸ਼ ਸਰਗਨਾ ਸੰਯੁਕਤ ਰਾਸ਼ਟਰ ਵੱਲੋਂ ਅੰਤਰਾਸ਼ਟਰੀ ਅੱਤਵਾਦੀ ਐਲਾਨਿਆ ਗਿਆ ਹੈ। ਪਿਛਲੇ ਸਾਲ ਖ਼ਬਰ ਆਈ ਸੀ ਕਿ ਰਾਵਲਪਿੰਡੀ 'ਚ ਹੋਏ ਧਮਾਕੇ ਦੌਰਾਨ ਮਸੂਦ ਜ਼ਖਮੀ ਹੋ ਗਿਆ ਹੈ। ਇਸ ਤੋਂ ਬਾਅਦ ਉਸ ਦੀ ਖ਼ਬਰ ਸਾਹਮਣੇ ਨਹੀਂ ਆਈ।