ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿੱਚ ਗਣਤੰਤਰ ਦਿਵਸ ਤੋਂ ਪਹਿਲਾਂ 10,000 ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਦੇ ਨਾਲ, ਦਿੱਲੀ ਪੁਲਿਸ ਇਸ ਵਾਰ ਸਾਰੇ ਚੌਕਸੀ ਸੁਰੱਖਿਆ ਉਪਾਅ ਕਰਨ ਲਈ ਚਿਹਰੇ ਦੀ ਪਛਾਣ ਕਰਨ ਵਾਲੇ ਸਿਸਟਮ ਅਤੇ ਡਰੋਨ ਦੀ ਮਦਦ ਵੀ ਲਵੇਗੀ। ਡੀਸੀਪੀ (ਨਵੀਂ ਦਿੱਲੀ ਜ਼ੋਨ) ਈਸ਼ ਸਿੰਘਲ ਨੇ ਕਿਹਾ ਕਿ ਗਣਤੰਤਰ ਦਿਵਸ ਪਰੇਡ 'ਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਮੁੱਖ ਮਹਿਮਾਨ ਹੋਣਗੇ ਅਤੇ ਮਹਿਮਾਨਾਂ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।


7 ਲੇਅਰ ਸੁਪਰ ਸਿਕਓਰਿਟੀ:

ਦਿੱਲੀ ਪੁਲਿਸ ਨੇ ਇਸ ਵਾਰ ਰਾਜਪਥ ਵਿਖੇ 7 ਲੇਅਰ ਸੁਪਰ ਸਿਕਓਰਿਟੀ ਦੀ ਯੋਜਨਾ ਬਣਾਈ ਹੈ। ਪਹਿਲੇ ਸੁਰੱਖਿਆ ਚੱਕਰ 'ਚ ਐਸਪੀਜੀ, ਦੂਜੇ ਸਰਕਲ ' ਐਨਐਸਜੀ ਕਮਾਂਡੋ, ਤੀਜੇ ਸਰਕਲ ' ਸੈਨਾ ਦੇ ਜਵਾਨ, ਚੌਥੇ 'ਚ ਪੈਰਾਮਿਲਟਰੀ ਫੌਜ, ਪੰਜਵੇਂ, ਛੇਵੇਂ ਅਤੇ ਸੱਤਵੇਂ ਚੱਕਰ 'ਚ ਦਿੱਲੀ ਪੁਲਿਸ ਦੇ ਸਵਾਤ ਕਮਾਂਡੋ, ਖੁਫੀਆ ਏਜੰਸੀਆਂ ਦੇ ਲੋਕ ਅਤੇ ਦਿੱਲੀ ਪੁਲਿਸ ਦੇ ਕਰਮਚਾਰੀ ਹੋਣਗੇ।

ਸ਼ਾਰਪਸ਼ੂਟਰ ਅਤੇ ਸਨਿੱਪਰ ਤਾਇਨਾਤ:

ਅਧਿਕਾਰੀਆਂ ਨੇ ਦੱਸਿਆ ਕਿ ਰਾਜਪਥ ਤੋਂ ਲਾਲ ਕਿਲ੍ਹੇ ਤੱਕ ਪਰੇਡ ਦੇ ਰਸਤੇ ਦੀ ਨਿਗਰਾਨੀ ਲਈ ਬਹੁ-ਮੰਜ਼ਿਲਾ ਇਮਾਰਤਾਂ 'ਚ ਸ਼ਾਰਪਸ਼ੂਟਰ ਅਤੇ ਸਨਿੱਪਰ ਸਥਾਪਤ ਕੀਤੇ ਜਾਣਗੇ। ਸੁਰੱਖਿਆ ਪ੍ਰਬੰਧਾਂ ਤਹਿਤ ਲਾਲ ਕਿਲ੍ਹੇ, ਚਾਂਦਨੀ ਚੌਕ ਅਤੇ ਯਮੁਨਾ ਖੱਦਰ ਖੇਤਰਾਂ 'ਚ ਸੈਂਕੜੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ 'ਚ ਘੱਟੋ ਘੱਟ 150 ਕੈਮਰੇ ਸ਼ਾਮਲ ਹਨ।

ਰਾਜਪਥ ਅਤੇ ਪਰੇਡ ਮਾਰਗਾਂ ਦੀ ਸੁਰੱਖਿਆ ਲਈ ਲਗਭਗ 25 ਹਜ਼ਾਰ ਸੈਨਿਕ ਤਾਇਨਾਤ ਕੀਤੇ ਗਏ ਹਨ। ਜਿਸ ਵਿਚ ਦਿੱਲੀ ਪੁਲਿਸ ਦੇ 17 ਹਜ਼ਾਰ ਜਵਾਨ, 45 ਅਰਧ ਸੈਨਿਕ ਫੋਰਸ ਕੰਪਨੀ ਅਤੇ ਸਵੈਟ ਕਮਾਂਡੋ ਸ਼ਾਮਲ ਹੋਣਗੇ। ਸੁਰੱਖਿਆ ਕਰਮਚਾਰੀਆਂ ਨੇ ਬਿਜ਼ੀ ਬਾਜ਼ਾਰਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹੋਰ ਥਾਵਾਂ ਦੀ ਪਛਾਣ ਕੀਤੀ ਹੈ, ਜਿੱਥੇ ਵਾਧੂ ਪੁਲਿਸ ਫੋਰਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ

ਗਣਤੰਤਰ ਦਿਵਸ ਕਰਕੇ ਪਾਕਿਸਤਾਨ ਜੰਮੂ-ਕਸ਼ਮੀਰ 'ਚ ਇੱਕ ਵੱਡੀ ਅੱਤਵਾਦੀ ਘਟਨਾ ਨੂੰ ਅੰਜ਼ਾਮ ਦੇਣ ਲਈ ਸਰਹੱਦ ਵਿਚ ਘੁਸਪੈਠ ਕਰਨ ਦੀ ਤਿਆਰੀ 'ਚ ਹੈ। ਪਾਕਿਸਤਾਨ ਦੇ ਇਸ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਸਰਹੱਦੀ ਸੁਰੱਖਿਆ ਬਲ ਨੇ ਇਨ੍ਹੀਂ ਦਿਨੀਂ ਅੰਤਰਰਾਸ਼ਟਰੀ ਸਰਹੱਦ ‘ਤੇ ‘ਆਪ੍ਰੇਸ਼ਨ ਸਰਦ ਹਵਾਵਾਂ’ ਚਲਾਇਆ ਹੈ।

ਉਧਰ ਮੁੰਬਈ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਮੁੰਬਈ ਦੇ ਸ਼ਿਵਾਜੀ ਪਾਰਕ ਦੇ ਆਲੇ ਦੁਆਲੇ ਦੇ ਖੇਤਰ ਨੂੰ ਡ੍ਰੋਨਾਂ ਲਈ ਉਡਾਣ ਦੀ ਮਨਾਹੀ ਵਾਲਾ ਖੇਤਰ ਐਲਾਨ ਕੀਤਾ ਗਿਆ ਹੈ। ਮੈਦਾਨਾਂ ਦੇ ਆਸਪਾਸ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਰਾਜਪਾਲ, ਮੁੱਖ ਮੰਤਰੀ ਅਤੇ ਮਹਾਰਾਸ਼ਟਰ ਦੇ ਹੋਰ ਪਤਵੰਤੇ ਸ਼ਿਵਾਜੀ ਪਾਰਕ ਵਿਖੇ ਗਣਤੰਤਰ ਦਿਵਸ ਪਰੇਡ ਦੌਰਾਨ ਮੌਜੂਦ ਹੋਣਗੇ।