ਨਵੀ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚਡੂਨੀ ਦੀ ਦਿੱਲੀ ਵਿਖੇ ਕੰਸਟੀਟਿਊਸ਼ਨ ਕਲੱਬ ਵਿਖੇ ਕੁਝ ਸਿਆਸੀ ਲੀਡਰਾਂ ਨਾਲ ਹੋਈ ਮੀਟਿੰਗ ਤੋਂ ਪੱਲਾ ਝਾੜਿਆ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਬੈਠਕ ਵਿੱਚ ਕੰਸਟੀਟਿਊਸ਼ਨ ਕਲੱਬ ਵਿਖੇ ਗੁਰਨਾਮ ਸਿੰਘ ਚਡੂਨੀ ਤੋਂ ਸਿਆਸੀ ਲੀਡਰਾਂ ਨਾਲ ਹੋਈ ਮੀਟਿੰਗ ਬਾਰੇ ਪੁੱਛਿਆ ਜਾਵੇਗਾ। ਗੁਰਨਾਮ ਸਿੰਘ  ਚਡੂਨੀ ਹਰਿਆਣਾ ਦੇ ਕਿਸਾਨ ਆਗੂ ਹਨ ਅਤੇ ਅੱਜ ਕੁਝ ਪਾਰਟੀ ਲੀਡਰਾਂ ਨਾਲ ਹੋਈ ਉਨ੍ਹਾਂ ਦੀ ਮੁਲਾਕਾਤ ‘ਤੇ ਸਵਾਲ ਖੜੇ ਕੀਤੇ ਜਾ ਰਹੇ ਹਨ।


ਕਿਸਾਨ ਸੰਗਠਨਾਂ ਦੀ ਤਰਫੋਂ, ਦਿੱਲੀ ਦੇ ਕੰਸਟੀਟਿਊਸ਼ਨ ਕਲੱਬ ਵਿਖੇ ਕਿਸਾਨ ਸੰਸਦ ਦੇ ਆਯੋਜਨ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ 'ਚ ਪੰਜਾਬ ਕਾਂਗਰਸ ਦੇ ਸਾਂਸਦ ਤੇ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਸ ਦੇ ਲੀਡਰ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਸਮੇਤ ਹੋਰਨਾਂ ਰਾਜਾਂ ਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸੀ। ਇਸ ਮੀਟਿੰਗ 'ਚ ਪੰਜਾਬ ਅਤੇ ਦਿੱਲੀ ਦੇ ਕਈ ਵਿਧਾਇਕਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ 'ਚ ਦਾਦਰੀ ਦੇ ਸੁਤੰਤਰ ਵਿਧਾਇਕ ਸੋਮਵੀਰ ਸੰਗਵਾਨ ਵੀ ਸ਼ਾਮਲ ਸੀ। ਇਨ੍ਹਾਂ ਵਿਧਾਇਕਾਂ ਸਾਬਕਾ ਵਿਧਾਇਕਾਂ, ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਨੂੰ ਕਿਸਾਨ ਸੰਸਦ ਵਲੋਂ ਬੁਲਾਇਆ ਗਿਆ ਸੀ, ਜੋ ਕਿ ਕਿਸਾਨ ਕਾਨੂੰਨਾਂ ਦੇ ਵਿਰੁੱਧ ਹਨ।




ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਸਮੇਤ ਕਈ ਕਿਸਾਨ ਆਗੂ ਮੌਜੂਦ ਸੀ। 22-23 ਜਨਵਰੀ ਨੂੰ ਦਿੱਲੀ 'ਚ ਕਿਸਾਨਾਂ ਦੀ ਜਨ ਸੰਸਦ ਹੋਵੇਗੀ। ਇਸ 'ਚ ਵਿਰੋਧੀ ਪਾਰਟੀਆਂ ਸਮਰਥਨ ਦੇਣਗੀਆਂ। ਗੁਰਨਾਮ ਸਿੰਘ ਨੇ ਕਿਹਾ ਕਿ 19 ਤਰੀਕ ਨੂੰ ਹੋਣ ਵਾਲੀ ਮੀਟਿੰਗ ਤੋਂ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ 26 ਜਨਵਰੀ ਨੂੰ ਕਿਸਾਨ ਪਰੇਡ ਲਈ ਕੇਂਦਰ ਸਰਕਾਰ ਨੂੰ ਰੂਟ ਮੈਪ ਦੇਵਾਂਗੇ। ਸਰਕਾਰ ਉਸ ਦੀ ਮਨਜ਼ੂਰੀ ਦੇ ਦਵੇ। ਪਰ ਜੇਕਰ ਸਰਕਾਰ ਮਨਜ਼ੂਰੀ ਨਹੀਂ ਦਿੰਦੀ ਤਾਂ ਫਿਰ ਸਾਨੂੰ ਧੱਕਾ ਕਰਨਾ ਪਵੇਗਾ।