'ਸੁਣ ਦਿੱਲੀਏ ਨੀ ਸੁਣ ਦਿੱਲੀਏ' ਗੀਤ ਨੂੰ ਦੋਨਾਂ ਭੈਣਾਂ ਨੇ ਆਪ ਹੀ ਲਿਖਿਆ, ਕਮਪੋਜ਼ ਕੀਤਾ ਤੇ ਗਾਇਆ ਵੀ ਖੁਦ ਹੀ ਹੈ। ਇਸ ਗੀਤ ਨੂੰ ਸੋਸ਼ਲ ਮੀਡੀਆ ਤੇ ਹਜ਼ਾਰਾਂ ਹਿੱਟ ਮਿਲ ਚੁੱਕੇ ਹਨ। ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਇਸ ਗੀਤ ਨੂੰ ਭਰਮਾਂ ਹੁੰਗਾਰਾ ਮਿਲ ਰਿਹਾ ਹੈ।
ਨਿਊਜ਼ ਏਜੰਸੀ IANS ਨਾਲ ਗੱਲ ਬਾਤ ਕਰਦੇ ਹੋਏ ਸਿਮਰਿਤਾ ਨੇ ਕਿਹਾ, "ਅਸੀਂ ਕਦੇ ਨਹੀਂ ਸੋਚਿਆ ਸੀ ਕਿ ਉਹ ਗੀਤ ਇੰਨਾ ਮਸ਼ਹੂਰ ਹੋ ਜਾਏਗਾ। ਹਰ ਇੱਕ ਦਾ ਫੀਡਬੈਕ ਬਹੁਤ ਹੀ ਚੰਗਾ ਰਿਹਾ। ਹਾਲਾਂਕਿ, ਸਭ ਤੋਂ ਦਿਲ ਖਿੱਚਣ ਵਾਲੀ ਗੱਲ ਇਹ ਹੈ ਕਿ ਅੰਦੋਲਨ ਵਿਚ ਸ਼ਾਮਲ ਲੋਕਾਂ - ਨੇਤਾਵਾਂ ਤੋਂ ਲੈ ਕੇ ਪ੍ਰਦਰਸ਼ਨਕਾਰੀਆਂ ਤੱਕ ਨੇ ਵੀ ਇਸ ਨੂੰ ਬਹੁਤ ਪਸੰਦ ਕੀਤਾ ਹੈ।"
ਹਾਲਾਂਕਿ ਸਿਮਰਿਤਾ ਤੇ ਰਮਨੀਕ ਦੋਵਾਂ ਦੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਹੈ, ਦੋਨੋਂ ਮੰਨਦੀਆਂ ਹਨ ਕਿ ਉਹ ਗੀਤਕਾਰ ਨਹੀਂ ਹਨ। ਰਮਨੀਕ ਕਹਿੰਦੀ ਹੈ, "ਪਰ ਇਹ ਹਾਲਾਤ ਵੱਖਰੇ ਸੀ। ਅਸੀਂ ਇਸ ਤੱਥ ਤੋਂ ਬਹੁਤ ਪ੍ਰੇਸ਼ਾਨ ਹਾਂ ਕਿ ਹਜ਼ਾਰਾਂ ਕਿਸਾਨ ਅਜਿਹੇ ਸਮੇਂ ਖੁੱਲ੍ਹੇ ਵਿੱਚ ਹਨ ਜਦੋਂ ਅਸੀਂ ਅਰਾਮ ਨਾਲ ਆਪਣੀਆਂ ਰਜਾਈਆਂ ਵਿੱਚ ਬੈਠੇ ਹਾਂ।"
ਇਹ ਜੋੜੀ, ਮੁਹਾਲੀ ਦੀ ਵਸਨੀਕ ਹੈ, ਜਿਨ੍ਹਾਂ ਦੇ ਮਾਪੇ ਖੇਤੀਬਾੜੀ ਦਾ ਪਿਛੋਕੜ ਰੱਖਦੇ ਹਨ। ਸਿਮ੍ਰਿਤਾ ਨੇ ਅੱਗੇ ਕਿਹਾ, "ਉਹ ਬਹੁਤ ਸਮਰਥਨ ਦਿੰਦੇ ਹਨ ਤੇ ਖੁਸ਼ ਹਨ ਕਿ ਅਸੀਂ ਵਿਰੋਧ ਪ੍ਰਦਰਸ਼ਨਾਂ ਦੀ ਹਿਮਾਇਤ ਵਿੱਚ ਗਾ ਰਹੇ ਹਾਂ। ਅਸਲ ਵਿਚ, ਬਚਪਨ ਤੋਂ ਹੀ, ਉਨ੍ਹਾਂ ਨੇ ਸਾਨੂੰ ਸਾਡੇ ਚੁਣੇ ਹੋਏ ਖੇਤਰ ਵਿੱਚ ਆਪਣੀ ਜਗ੍ਹਾ ਲੱਭਣ ਲਈ ਉਤਸ਼ਾਹਿਤ ਕੀਤਾ ਹੈ।"