ਨਵੀਂ ਦਿੱਲੀ: ਪਤੀ-ਪਤਨੀ ਦਰਮਿਆਨ ਵਿਵਾਦ ਦਫਤਰਾਂ ਤੱਕ ਪਹੁੰਚਣੇ ਸ਼ੁਰੂ ਹੋ ਗਏ ਹਨ। ਇਹ ਵਿਵਾਦ ਇੰਨੇ ਜ਼ਿਆਦਾ ਵਧ ਗਏ ਹਨ ਕਿ ਪਤਨੀਆਂ ਨੇ ਹੁਣ ਸੂਚਨਾ ਦੇ ਅਧਿਕਾਰ ਨੂੰ (RTI) ਆਪਣੇ ਪਤੀ ਵਿਰੁੱਧ ਇਸਤਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਗੋਰਖਪੁਰ ਵਿੱਚ ਇਸ ਤਰ੍ਹਾਂ ਦੇ ਦੋ ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਪਤਨੀਆਂ ਨੇ ਪਤੀ ਦੇ ਦਫਤਰ ਵਿੱਚ ਆਰਟੀਆਈ ਦਾਇਰ ਕੀਤੀ ਤੇ ਸਰਵਿਸ ਬੁੱਕ ਵਿੱਚ ਪਤਨੀ ਦੇ ਕਾਲਮ ਵਿੱਚ ਕਿਸ ਦਾ ਨਾਮ ਦਰਜ ਹੈ, ਇਸ ਬਾਰੇ ਜਾਣਕਾਰੀ ਮੰਗੀ। ਹਾਲਾਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਦਫਤਰਾਂ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਅਪੀਲ ਰਾਜ ਸੂਚਨਾ ਕਮਿਸ਼ਨ ਨੂੰ ਵੀ ਕੀਤੀ ਗਈ ਹੈ।

ਪਤੀਆਂ ਤੇ ਵਿਸ਼ਵਾਸ ਨਾ ਹੋਣ ਵੀ ਜਾਇਜ਼ ਹੈ। ਅਜੋਕੇ ਸਮੇਂ ਵਿਚ, ਰੇਲਵੇ ਵਿੱਚ ਹੀ ਅਜਿਹੇ ਦੋ ਮਾਮਲੇ ਸਾਹਮਣੇ ਆਏ ਹਨ, ਜਦੋਂ ਪਤਨੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਤੀ ਦੀ ਅਚਾਨਕ ਮੌਤ ਤੋਂ ਬਾਅਦ, ਦੋ-ਦੋ ਔਰਤਾਂ ਪਤਨੀ ਦਾ ਦਾਅਵਾ ਠੋਕਣ ਲਈ ਆ ਗਈਆਂ ਜੋ ਆਪਣੇ ਪਤਨੀ ਨਾਲ ਰਹਿ ਰਹੀ ਸੀ ਸਰਵਿਸ ਬੁੱਕ ਵਿੱਚ ਉਸ ਦਾ ਨਾਮ ਹੀ ਦਰਜ ਨਹੀਂ ਸੀ। ਦਾਅਵਿਆਂ ਦੇ ਨਿਬੇੜੇ ਦੌਰਾਨ, ਸਰਵਿਸ ਬੁੱਕ ਦੀ ਜਾਂਚ ਕੀਤੀ ਗਈ ਤੇ ਇਸ ਵਿੱਚ ਇੱਕ ਹੋਰ ਔਰਤ ਦਾ ਨਾਮ ਮਿਲਿਆ।

ਇਸੇ ਤਰ੍ਹਾਂ, ਟਾਊਨਸ਼ਿਪ ਦੇ ਇੱਕ ਸਹਾਇਤਾ ਪ੍ਰਾਪਤ ਇੰਟਰ ਕਾਲਜ ਵਿੱਚ ਅਧਿਆਪਕ ਦੀ ਮੌਤ ਤੋਂ ਬਾਅਦ, ਦੋ ਸਾਲਾਂ ਤੋਂ ਪਤਨੀ ਪੈਨਸ਼ਨ ਤੇ ਹੋਰ ਸਹੂਲਤਾਂ ਤੋਂ ਵਾਂਝੀ ਰਹੀ। ਉੱਥੇ ਵੀ ਦੋ ਔਰਤਾਂ ਨੇ ਪਤਨੀ ਹੋਣ ਦਾ ਦਾਅਵਾ ਕੀਤਾ ਸੀ। ਇੱਕ ਹੋਰ ਔਰਤ ਦਾ ਨਾਮ ਸਰਵਿਸ ਬੁੱਕ ਵਿੱਚ ਪਤਨੀ ਦੇ ਰੂਪ ਵਿੱਚ ਪਾਇਆ ਗਿਆ ਜਦੋਂਕਿ ਬੈਂਕ ਤੇ ਮਕਾਨ ਵਿੱਚ ਨਾਲ ਰਹਿਣ ਵਾਲੀ ਪਤਨੀ ਦਾ ਨਾਮ ਮਿਲਿਆ। ਬਹੁਤ ਜੱਦੋ ਜਹਿਦ ਤੋਂ ਬਾਅਦ ਹਲਫੀਆ ਬਿਆਨ ਦਾਖਲ ਹੋਣ ਤੋਂ ਬਾਅਦ ਪੈਨਸ਼ਨ ਦੀ ਸ਼ੁਰੂਆਤ ਹੋਈ। ਹੁਣ ਔਰਤਾਂ ਅਜਿਹੀਆਂ ਘਟਨਾਵਾਂ ਪ੍ਰਤੀ ਜਾਗਰੂਕ ਹੋ ਰਹੀਆਂ ਹਨ।

ਆਰਟੀਆਈ ਤਹਿਤ ਬਹੁਤ ਸਾਰੀਆਂ ਅਰਜ਼ੀਆਂ ਪਹੁੰਚ ਰਹੀਆਂ ਹਨ, ਜਿਨ੍ਹਾਂ ਵਿੱਚ ਔਰਤਾਂ ਨੇ ਸਰਵਿਸ ਬੁੱਕ ਵਿੱਚ ਪਤਨੀ ਦੇ ਕਾਲਮ ਵਿੱਚ ਨਾਮ ਦੀ ਜਾਣਕਾਰੀ ਮੰਗੀ ਹੈ। ਅਜਿਹੀ ਜਾਣਕਾਰੀ ਬਹੁਤ ਹੀ ਨਿੱਜਤਾ ਦਾ ਮਾਮਲਾ ਹੈ। ਅਜਿਹੀ ਸਥਿਤੀ ਵਿੱਚ, ਅਜਿਹੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।