ਯਾਦਵਿੰਦਰ ਸਿੰਘ


ਚੰਡੀਗੜ੍ਹ: ਪੰਜਾਬ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੂੰ ਹਾਈਕੋਰਟ ਤੋਂ ਰਾਹਤ ਮਿਲਣ ਮਗਰੋਂ ਮੰਨਿਆ ਜਾ ਰਿਹਾ ਸੀ ਕਿ ਉਹ ਜਲਦ ਹੀ ਅਹੁਦਾ ਸੰਭਾਲਣਗੇ। ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ਼ ਕੇ ਕਿਹਾ ਹੈ ਕਿ ''ਚੰਗਾ ਰਹੇਗਾ ਜੇ 15 ਜਨਵਰੀ ਨੂੰ ਇਕਹਿਰੇ ਬੈਂਚ ਵੱਲੋਂ ਜਾਰੀ ਹੁਕਮਾਂ ਖ਼ਿਲਾਫ਼ ਪੰਜਾਬ ਸਰਕਾਰ ਦੀ ਅਪੀਲ 'ਤੇ ਡਿਵੀਜ਼ਨ ਬੈਂਚ ਦੇ ਅੰਤਿਮ ਫ਼ੈਸਲੇ ਨੂੰ ਉਡੀਕ ਲਿਆ ਜਾਵੇ।'' ਸਵਾਲ ਇਹ ਹੈ ਕਿ ਕੀ ਅਜਿਹਾ ਸੁਰੇਸ਼ ਕੁਮਾਰ ਨੇ ਕਿਉਂ ਕਿਹਾ ਹੈ? ਕੀ ਸੁਰੇਸ਼ ਕੁਮਾਰ ਨੂੰ ਆਪਣੀ ਕਾਨੂੰਨੀ ਪੈਰਵਾਈ ਕਰਨ ਵਾਲਿਆਂ 'ਤੇ ਯਕੀਨ ਨਹੀਂ?

ਮੁੱਖ ਮੰਤਰੀ ਦਫ਼ਤਰ ਦੇ ਸੂਤਰ ਦੱਸਦੇ ਹਨ ਕਿ ਸੁਰੇਸ਼ ਕੁਮਾਰ ਤੇ ਦਰਬਾਰੀਆਂ ਵਿਚਾਲੇ ਬੇਹੱਦ ਅਣਬਣ ਹੈ। ਸੁਰੇਸ਼ ਕੁਮਾਰ ਦੇ ਜਾਣ ਤੋਂ ਬਾਅਦ ਦਰਬਾਰੀਆਂ ਨੇ ਪ੍ਰਸਾਸ਼ਨਿਕ ਗਲਿਆਰਿਆਂ 'ਚ 'ਸੱਤਾ ਦੇ ਨਸ਼ੇ' ਦੇ ਖੂਬ ਜਾਮ ਉਛਾਲੇ। ਦਰਬਾਰੀਆਂ ਦੀਆਂ ਚਾਲਾਂ ਖ਼ਿਲਾਫ ਲਏ ਸਟੈਂਡ ਤੋਂ ਬਾਅਦ ਹੀ ਕੈਪਟਨ ਨੂੰ ਸੁਰੇਸ਼ ਕੇਸ ਦੀ ਪੈਰਵਾਈ ਪੀ. ਚਿਦੰਬਰਮ ਤੋਂ ਕਰਵਾਉਣੀ ਪਈ ਜਦੋਂ ਕਿ ਐਡਵੋਕੇਟ ਜਨਰਲ ਅਤੁਲ ਨੰਦਾ ਸਮੇਤ ਕੈਪਟਨ ਸਰਕਾਰ ਕੋਲ ਵੱਡੀ ਕਾਨੂੰਨੀ ਟੀਮ ਹੈ।

ਸੁਰੇਸ਼ ਕੁਮਾਰ ਦੇ ਇੱਕ ਕਰੀਬੀ ਮੁਤਾਬਕ ਹੁਣ ਸੁਰੇਸ਼ ਨੂੰ ਡਰ ਹੈ ਕਿ ਕਿਤੇ ਦਰਬਾਰੀਆਂ ਵੱਲੋਂ ਉਨ੍ਹਾਂ ਖ਼ਿਲਾਫ ਉਦੋਂ ਤੱਕ ਕੋਈ ਨਵੀਂ ਕਾਨੂੰਨੀ ਘੁੰਢੀ ਨਾ ਅੜਾ ਦਿੱਤੀ ਜਾਵੇ। ਉਸ ਮੁਤਾਬਕ ਦਰਬਾਰੀਆਂ ਦੀ ਲੌਬੀ ਲਗਾਤਾਰ ਚਾਲਾਂ 'ਚ ਲੱਗੀ ਹੋਈ ਹੈ। ਸੂਤਰਾਂ ਮੁਤਾਬਕ ਸੁਰੇਸ਼ ਕੁਮਾਰ ਦਾ ਅਹੁਦਾ 'ਤੇ ਨਾ ਬੈਠਣ ਦਾ ਨੈਤਿਕ ਸਟੈਂਡ ਵੀ ਉਨ੍ਹਾਂ ਨੂੰ ਅਦਾਲਤ ਤੇ ਕੈਪਟਨ ਦਰਬਾਰ 'ਚ ਫਾਇਦਾ ਦੇ ਸਕਦਾ ਹੈ ਕਿਉਂਕਿ ਇਸ ਜ਼ਰੀਏ ਸੁਰੇਸ਼ ਕੁਮਾਰ ਇਹ ਸੁਨੇਹਾ ਦੇਣ 'ਚ ਸਫਲ ਰਹੇ ਹਨ ਕਿ ਉੇਨ੍ਹਾਂ ਨੂੰ ਅਹੁਦੇ ਦੀ ਭੁੱਖ ਨਹੀਂ। ਦਰਅਸਲ ਸੁਰੇਸ਼ ਕੁਮਾਰ ਠਰ੍ਹਮਾ ਰੱਖ ਕੇ ਕੈਪਟਨ ਦੀ ਦਰਬਾਰੀਆਂ ਪ੍ਰਤੀ ਪਹੁੰਚ ਨੂੰ ਵੀ ਦੇਖਣਾ ਚਾਹੁੰਦੇ ਹਨ ਕਿਉਂਕਿ ਉਹ ਦਰਬਾਰੀਆਂ ਦੀ ਸਾਰੀ ਗਾਥਾ ਕੈਪਟਨ ਨੂੰ ਸੁਣਾ ਚੁੱਕੇ ਹਨ। ਸੁਰੇਸ਼ ਕੁਮਾਰ ਨੂੰ ਸ਼ਾਇਦ ਉਮੀਦ ਸੀ ਕਿ ਦਰਬਾਰੀਆਂ ਖ਼ਿਲਾਫ ਕੋਈ ਸਟੈਂਡ ਲੈਣਗੇ ਪਰ ਕੈਪਟਨ ਸੁਰੇਸ਼ ਕੁਮਾਰ ਤੇ ਦਰਬਾਰੀਆਂ ਦੋਵਾਂ ਨੂੰ ਹੀ ਨਹੀਂ ਛੱਡਣਾ ਚਾਹੁੰਦੇ।

ਸੱਤਾ ਦੇ ਗਲਿਆਰਿਆਂ ਨਾਲ ਜੁੜੇ ਲੋਕ ਜਾਣਦੇ ਹਨ ਕਿ ਐਡਵੋਕੇਟ ਅਤੁਲ ਨੰਦਾ ਦੀ ਪਤਨੀ ਰਮੀਜ਼ਾ ਹਕੀਮ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਅਰੂਸਾ ਆਲਮ ਦੀ ਖ਼ਾਸਮ ਖਾਸ ਦੋਸਤ ਹੈ। ਰਮੀਜ਼ਾ ਹਕੀਮ ਨੂੰ ਕੈਪਟਨ ਸਰਕਾਰ ਨੇ ਪੰਜਾਬ ਦੇ ਹਰਿਆਣਾ ਹਾਈਕੋਰਟ 'ਚ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕੀਤਾ ਸੀ। ਉਨ੍ਹਾਂ ਦੀ ਨਿਯੁਕਤੀ ਉੱਪਰ ਸਵਾਲ ਵੀ ਖੜ੍ਹੇ ਹੋਏ ਹਨ। ਉਦੋਂ ਕੈਪਟਨ ਨੇ ਕਿਹਾ ਸੀ ਕਿ ਨਿਯੁਕਤੀ ਮੈਰਿਟ 'ਤੇ ਹੋਈ ਹੈ।

ਓਧਰ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਸਰੇਸ਼ ਕੁਮਾਰ ਦੇ ਅਸਤੀਫੇ ਨੂੰ ਨਾ ਮਨਜ਼ੂਰ ਕਰ ਦਿੱਤਾ ਸੀ। ਉਨ੍ਹਾਂ ਨੂੰ ਅਹੁਦਾ ਸੰਭਲਾਣ ਦਾ ਰਸਮੀ ਸੁਨੇਹਾ ਭੇਜਿਆ ਗਿਆ ਸੀ। ਸੁਰੇਸ਼ ਕੁਮਾਰ ਨੇ ਹਾਈਕੋਰਟ ਦੇ ਪਹਿਲੇ ਫੈਸਲੇ ਤੋਂ ਬਾਅਦ ਆਪਣਾ ਅਸਤੀਫਾ ਮੁੱਖ ਸਕੱਤਰ ਨੂੰ ਭੇਜਿਆ ਸੀ। ਸੁਰੇਸ਼ ਕਮਾਰ ਮਾਮਲੇ ਦੀ ਅਗਲੀ ਸੁਣਵਾਈ 17 ਅਪ੍ਰੈਲ ਹੈ ਤੇ ਸੁਰੇਸ਼ ਕੁਮਾਰ ਤੇ ਦਰਬਾਰੀਆਂ ਨੂੰ ਇਸੇ ਤਾਰੀਖ਼ ਦੀ ਉਡੀਕ ਹੈ।