ਮੇਰਠ: ਉੱਤਰ ਪ੍ਰਦੇਸ਼ ਦੇ ਮੁਰਾਦਨਗਰ ਸ਼ਮਸ਼ਾਨਘਾਟ ਦੇ ਲੈਂਟਰ ਡਿੱਗਣ ਕਾਰਣ ਹੋਈਆਂ ਮੌਤਾਂ ਦੀ ਦੁੱਖਦਾਈ ਘਟਨਾ ਵਾਪਰਿਆਂ ਹਾਲੇ ਬਹੁਤਾ ਚਿਰ ਨਹੀਂ ਹੋਇਆ ਕਿ ਮੇਰਠ ਦੇ ਮੁੰਡਾਲੀ ਦੇ ਪਿੰਡ ਆੜ ’ਚ ਸਥਿਤ ਸੈਕੰਡਰੀ ਸਕੂਲ ਦੀ ਸ਼ਟਰਿੰਗ ਖੋਲ੍ਹਦੇ ਸਮੇਂ ਲੈਂਟਰ ਡਿੱਗ ਪਿਆ। ਠੇਕੇਦਾਰ ਦਾ ਕਹਿਣਾ ਹੈ ਕਿ ਲੈਂਟਰ ’ਚ ਜਿਹੜਾ ਸੀਮਿੰਟ ਵਰਤਿਆ ਗਿਆ ਸੀ, ਉਹ ਖ਼ਰਾਬ ਸੀ; ਜਿਸ ਨਾਲ ਲੈਂਟਰ ਹਲਕਾ ਝੁਕ ਗਿਆ ਸੀ ਤੇ ਉਸ ਨੂੰ ਹੁਣ ਤੋੜਿਆ ਗਿਆ ਹੈ।
ਏਬੀਪੀ ਗੰਗਾ ਦੀ ਟੀਮ ਮੌਕੇ ’ਤੇ ਪੁੱਜੀ ਤੇ ਘਟਨਾ ਦਾ ਜਾਇਜ਼ਾ ਲੈ ਕੇ ਉੱਥੋਂ ਜਾਣ ਲੱਗੀ, ਤਾਂ ਠੇਕੇਦਾਰ ਗੁੱਡੂ ਦੇ ਕੁਝ ਲੋਕਾਂ ਨੇ ਰਿਪੋਰਟਰਜ਼ ਤੇ ਕੈਮਰਾਮੈਨ ਨਾਲ ਬਦਸਲੂਕੀ ਕੀਤੀ ਤੇ ਖ਼ਬਰ ਨੂੰ ਡਿਲੀਟ ਕਰਨ ਦਾ ਦਬਾਅ ਬਣਾਉਣ ਲੱਗੇ। ਏਬੀਪੀ ਦੀ ਟੀਮ ਨੇ ਖ਼ਬਰ ਨਾਲ ਸਮਝੌਤਾ ਨਹੀਂ ਕੀਤਾ। ਇਸ ਸਾਰੇ ਕਾਂਡ ਵਿੱਚ ਜੇ ਠੇਕੇਦਾਰ ਦੀ ਗੱਲ ਨੂੰ ਸੱਚ ਮੰਨ ਲਈਏ, ਤਾਂ ਆਰਸੀਸੀ ਦਾ ਲੈਂਟਰ ਇੰਨਾ ਕਮਜ਼ੋਰ ਕਿਵੇਂ ਹੋ ਸਕਦਾ ਹੈ ਕਿ ਉਹ ਸ਼ਟਰਿੰਗ ਖੋਲ੍ਹਦਿਆਂ ਹੀ ਝੁਕ ਜਾਵੇ। ਜੇ ਮਟੀਰੀਅਲ ਵਧੀਆ ਸੀ, ਤਾਂ ਲੈਂਟਰ ਝੁਕਿਆ ਕਿਉਂ। ਜੇ ਨਿਰਮਾਣ ਵਿੱਚ ਘਟੀਆ ਸਮੱਗਰੀ ਵਰਤੀ ਗਈ ਸੀ, ਤਾਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਖ਼ਤ ਹਦਾਇਤਾਂ ਕੀਤੀਆਂ ਹਨ ਕਿ ਜੇ ਕਿਤੇ ਨਿਰਮਾਣ ’ਚ ਘਟੀਆ ਸਮੱਗਰੀਦੀ ਵਰਤੋਂ ਹੋ ਰਹੀ ਹੈ, ਤਾਂ ਉਸ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ। ਪਰ ਇੱਥੇ ਹਾਲੇ ਤੱਕ ਕੋਈ ਅਧਿਕਾਰੀ ਜਾਂਚ ਲਈ ਨਹੀਂ ਪੁੱਜਾ ਹੈ।