ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ਅੱਜ ਸਵੇਰੇ ਟਰੰਪ ਅਤੇ ਉਨ੍ਹਾਂ ਦੀ ਪਤਨੀ ਦਾ ਰਾਸ਼ਟਰਪਤੀ ਭਵਨ ਵਿਖੇ ਰਵਾਇਤੀ ਸਵਾਗਤ ਕੀਤਾ ਗਿਆ। ਗਾਰਡ ਆਫ਼ ਆਨਰ ਵੀ ਭਾਰਤੀ ਆਰਮਡ ਫੋਰਸਿਜ਼ ਵੱਲੋਂ ਵੀ ਦਿੱਤਾ ਗਿਆ। ਇਸ ਸਮੇਂ ਦੌਰਾਨ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਵੀ ਮੌਜੂਦ ਸੀ।
ਇਸ ਤੋਂ ਬਾਅਦ ਟਰੰਪ ਅਤੇ ਮੇਲਾਨੀਆ ਰਾਸ਼ਟਰਪਤੀ ਭਵਨ ਤੋਂ ਸਿੱਧੇ ਰਾਜਘਾਟ ਗਏ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਜਲੀ ਭੇਂਟ ਕੀਤੀ। ਉਨ੍ਹਾਂ ਨੇ ਇੱਥੇ ਇੱਕ ਬੂਟਾ ਵੀ ਲਾਇਆ। ਇਸ ਤੋਂ ਬਾਅਦ ਸਵੇਰੇ 11.30 ਵਜੇ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਦੁਵੱਲੀ ਗੱਲਬਾਤ ਹੋਵੇਗੀ। ਇਸ ਸਮੇਂ ਦੌਰਾਨ ਦੋਵੇਂ ਦੇਸ਼ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨਗੇ।
ਵਿਦੇਸ਼ ਸਕੱਤਰ ਮੁਤਾਬਕ ਗੱਲਬਾਤ ਵਿਆਪਕ ਹੋਵੇਗੀ ਅਤੇ ਇਸ 'ਚ ਰੱਖਿਆ, ਸੁਰੱਖਿਆ, ਅੱਤਵਾਦ ਵਿਰੋਧੀ, ਵਪਾਰ, ਊਰਜਾ, ਲੋਕਾਂ ਤੋਂ ਲੋਕਾਂ ਦੇ ਸੰਪਰਕ ਅਤੇ ਹੋਰ ਦੁਵੱਲੇ ਮਾਮਲਿਆਂ ਬਾਰੇ ਵਿਚਾਰ ਵਟਾਂਦਰੇ ਹੋਣਗੇ। ਇਸ ਤੋਂ ਬਾਅਦ ਦੋਵੇਂ ਦਿੱਗਜ਼ ਨੇਤਾ ਇੱਕ ਸਾਂਝਾ ਬਿਆਨ ਜਾਰੀ ਕਰਨਗੇ।
ਮੇਲਾਨੀਆ ਟਰੰਪ ਦਿੱਲੀ ਸਥਿਤ ਸਰਕਾਰੀ ਸਕੂਲ ਦੀ ਹੈਪੀਨੇਸ ਕਲਾਸ ਦਾ ਦੌਰਾ ਵੀ ਕਰੇਗੀ ਅਤੇ ਬੱਚਿਆਂ ਨੂੰ ਮਿਲੇਗੀ। ਦੁਪਹਿਰ ਤਿੰਨ ਵਜੇ ਅਮਰੀਕੀ ਰਾਸ਼ਟਰਪਤੀ ਅਮਰੀਕੀ ਦੂਤਘਰ ਜਾਣਗੇ ਅਤੇ ਭਾਰਤ ਦੇ ਵੱਡੇ ਉਦਯੋਗਪਤੀਆਂ ਨਾਲ ਮੁਲਾਕਾਤ ਕਰਨਗੇ।
ਸ਼ਾਮ ਕਰੀਬ 7.25 ਵਜੇ ਟਰੰਪ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ। ਡੋਨਾਲਡ ਟਰੰਪ ਅਤੇ ਮੇਲਾਨੀਆ ਦੇ ਸਨਮਾਨ 'ਚ ਰਾਤ ਦਾ ਖਾਣਾ ਰਾਸ਼ਟਰਪਤੀ ਭਵਨ ਵਿਖੇ ਰਾਤ 8 ਵਜੇ ਹੋਵੇਗਾ। ਇਸ ਤੋਂ ਬਾਅਦ ਦੋਵੇਂ ਰਾਤ 10 ਵਜੇ ਅਮਰੀਕਾ ਲਈ ਰਵਾਨਾ ਹੋਣਗੇ।