ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਸੂਬੇ ਨੂੰ ਦੋ ਕੇਂਦਰ ਪ੍ਰਸਾਸ਼ਿਤ ਸੂਬਿਆਂ ‘ਚ ਵੰਡ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉੱਥੇ ਧਾਰਾ 144 ਲੱਗੀ ਹੋਈ ਸੀ। ਹੁਣ ਖ਼ਬਰ ਹੈ ਕਿ ਕੇਂਦਰ ਸਰਕਾਰ ਦੇ ਹੁਕਮਾਂ ਤਹਿਤ ਜੰਮੂ ਸ਼ਹਿਰ ‘ਚ ਲੱਗੀ ਧਾਰਾ 144 ਪੰਜਵੇਂ ਦਿਨ ਹਟਾ ਦਿੱਤੀ ਗਈ ਹੈ। ਡੀਸੀ ਜੰਮੂ ਨੇ ਇਸ ਸਬੰਧੀ ਹੁਕਮ ਜਾਰੀ ਕਰਦੇ ਹੋਏ ਕੱਲ੍ਹ ਸ਼ਨੀਵਾਰ ਯਾਨੀ 10 ਅਗਸਤ ਤੋਂ ਸਾਰੇ ਸਕੂਲ ਤੇ ਕਾਲਜ ਖੋਲ੍ਹਣ ਦੀ ਵੀ ਇਜਾਜ਼ਤ ਦੇ ਦਿੱਤੀ ਹੈ।



ਸ਼ੁੱਕਰਵਾਰ ਨੂੰ ਪ੍ਰਸ਼ਾਸਨ ਵੱਲੋਂ ਲੱਗੀਆਂ ਪਾਬੰਦੀਆਂ ਦਰਮਿਆਨ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ‘ਚ ਸ਼ਾਤੀਪੂਰਕ ਢੰਗ ਨਾਲ ਨਮਾਜ਼ ਅਦਾ ਕੀਤੀ ਗਈ। ਸਾਰੇ ਧਾਰਮਿਕ ਥਾਂਵਾਂ ਦੇ ਨੇੜੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸੀ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਆਰਏਐਫ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਸੀ।



ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ‘ਚ ਵੱਖ-ਵੱਖ ਥਾਂਵਾਂ ‘ਤੇ ਜਨਜੀਵਨ ਪਟਰੀ ‘ਤੇ ਵਾਪਸੀ ਕਰ ਰਿਹਾ ਹੈ। ਪ੍ਰਸ਼ਾਸਨ ਨੇ ਯਾਤਰੀ ਵਾਹਨਾਂ ਨੂੰ ਸੜਕ ‘ਤੇ ਉਤਰਨ ਤੋਂ ਮਨ੍ਹਾ ਕੀਤਾ ਹੋਇਆ ਸੀ, ਇਸ ਤੋਂ ਬਾਅਦ ਵੀ ਕੁਝ ਰੂਟਾਂ ‘ਤੇ ਮਿੰਨੀ ਬੱਸਾਂ ਚੱਲਦੀਆਂ ਨਜ਼ਰ ਆਈਆਂ।