ਜੰਮੂ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਘਿਰੇ ਹੋਏ ਦੋ ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਾਕਾਪੋਰਾ ਖੇਤਰ 'ਚ ਲੇਲਹਾਰ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸ਼ੁੱਕਰਵਾਰ ਦੀ ਰਾਤ ਨੂੰ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਲੁਕੇ ਹੋਏ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਤੋਂ ਬਾਅਦ ਤਲਾਸ਼ੀ ਮੁਹਿੰਮ ਮੁਠਭੇੜ ਵਿੱਚ ਬਦਲ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਰਾਤ ਨੂੰ ਲੰਬੇ ਸਮੇਂ ਤੱਕ ਚੱਲੀ ਗੋਲੀਬਾਰੀ ਤੋਂ ਬਾਅਦ, ਦੋ ਅੱਤਵਾਦੀਆਂ ਨੇ ਆਪਣੀਆਂ ਏਕੇ ਰਾਈਫਲਾਂ ਸਮੇਤ, ਸੁਰੱਖਿਆ ਬਲਾਂ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੋਵਾਂ ਅੱਤਵਾਦੀਆਂ ਦੀ ਪਛਾਣ ਅਕਿਲ ਅਹਿਮਦ ਲੋਨ ਅਤੇ ਰਾਉਫ ਉਲ ਇਸਲਾਮ ਵਜੋਂ ਹੋਈ ਹੈ। ਲੋਨ ਦੀ ਸੱਜੀ ਲੱਤ ਵਿੱਚ ਗੋਲੀਆਂ ਲੱਗੀਆਂ ਹਨ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।


ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਅਤੇ ਸੈਨਾ ਨੇ ਸਾਂਝੇ ਅਭਿਆਨ ਵਿੱਚ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਤਿੰਨ ਸਥਾਨਕ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਹ ਮੁਕਾਬਲਾ ਅੱਜ ਦੁਪਹਿਰ ਨੂੰ ਪੁਲਵਾਮਾ ਜ਼ਿਲ੍ਹੇ ਦੇ ਤ੍ਰਲ ਖੇਤਰ ਵਿੱਚ ਸ਼ੁਰੂ ਹੋਇਆ ਅਤੇ 15 ਮਿੰਟਾਂ ਵਿੱਚ ਖ਼ਤਮ ਹੋ ਗਿਆ। ਇਹ 2021 'ਚ ਹੋਣ ਵਾਲਾ ਪਹਿਲਾ ਮੁਕਾਬਲਾ ਹੈ।