ਮੁੰਬਈ: ਖੇਤੀ ਕਾਨੂੰਨਾਂ ਨੂੰ ਲੈ ਕੇ ਕਈ ਸਿਤਾਰਿਆਂ ਨੂੰ ਵੀ ਘੇਰਿਆ ਜਾ ਰਿਹਾ ਹੈ। ਹੁਣ ਮਹਿੰਗਾਈ ਦੇ ਚੱਲਦਿਆਂ ਵੀ ਸਿਤਾਰਿਆਂ ਨੂੰ ਮੂੰਹ ਬੰਦ ਰੱਖਣ 'ਤੇ ਚੇਤਾਵਨੀ ਮਿਲੀ ਹੈ। ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਚੇਤਾਵਨੀ ਦਿੱਤੀ ਹੈ ਕਿ ਰਾਜ ਵਿੱਚ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਤੇ ਅਕਸ਼ੇ ਕੁਮਾਰ ਦੀ ਸ਼ੂਟਿੰਗ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪਟੋਲੇ ਨੇ ਮਹਿੰਗਾਈ ਦੇ ਯੁੱਗ 'ਚ ਇਨ੍ਹਾਂ ਦੋਵਾਂ ਅਦਾਕਾਰਾਂ 'ਤੇ ਚੁੱਪ ਰਹਿਣ ਦਾ ਦੋਸ਼ ਲਾਇਆ ਹੈ।
ਉਨ੍ਹਾਂ ਕਿਹਾ ਕਿ ਇਹ ਦੋਵੇਂ ਅਭਿਨੇਤਾ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਸਮੇਂ ਕਾਫੀ ਟਵੀਟ ਕਰਦੇ ਸਨ। ਪਰ ਹੁਣ, ਜਦੋਂ ਨਰੇਂਦਰ ਮੋਦੀ ਸਰਕਾਰ 'ਚ ਮਹਿੰਗਾਈ ਇੰਨੀ ਵਧ ਗਈ ਹੈ ਅਤੇ ਪੈਟਰੋਲ-ਡੀਜ਼ਲ-ਐਲਪੀਜੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਦੋਵਾਂ ਨੇ ਚੁੱਪ ਵੱਟੀ ਰੱਖੀ ਹੈ। ਭਾਜਪਾ ਦੇ ਬੁਲਾਰੇ ਰਾਮ ਕਦਮ ਨੇ ਕਾਂਗਰਸ ਨੇਤਾ ਪਟੋਲੇ ਦੀ ਇਸ ਚੇਤਾਵਨੀ ‘ਤੇ ਸਖਤ ਪ੍ਰਤੀਕ੍ਰਿਆ ਦਿੱਤੀ ਹੈ।
ਕਦਮ ਨੇ ਕਿਹਾ, ' ਦਿਨ ਦਿਹਾੜੇ ਕਾਂਗਰਸ ਨੇਤਾ ਦੇਸ਼ ਦੇ ਪ੍ਰਤਿਭਾਵਾਨ ਅਤੇ ਸਤਿਕਾਰਤ ਕਲਾਕਾਰ ਅਮਿਤਾਭ ਬੱਚਨ ਅਤੇ ਅਕਸ਼ੈ ਕੁਮਾਰ ਨੂੰ ਧਮਕੀਆਂ ਦੇ ਰਹੇ ਹਨ। ਉਹ ਕਹਿ ਰਹੇ ਹਨ ਕਿ ਉਹ ਉਨ੍ਹਾਂ ਦੀ ਫਿਲਮ ਦੀ ਸ਼ੂਟਿੰਗ ਨਹੀਂ ਕਰਨ ਦੇਣਗੇ, ਉਹ ਉਨ੍ਹਾਂ ਫਿਲਮ ਨੂੰ ਪ੍ਰਦਰਸ਼ਤ ਨਹੀਂ ਹੋਣ ਦੇਣਗੇ, ਰਾਸ਼ਟਰੀ ਹਿੱਤ 'ਚ ਟਵੀਟ ਕਰਨਾ ਕੋਈ ਗੁਨਾਹ ਹੋ ਸਕਦਾ ਹੈ?'
ਬੀਜੇਪੀ ਬੁਲਾਰੇ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਲੋਕ ਸਾਜਿਸ਼ ਤਹਿਤ ਦੇਸ਼ ਨੂੰ ਬਦਨਾਮ ਕਰ ਰਹੇ ਹਨ, ਕਾਂਗਰਸ ਉਨ੍ਹਾਂ ਦੇ ਸਮਰਥਨ ਵਿੱਚ ਸਾਹਮਣੇ ਆਈ ਹੈ। ਕਾਂਗਰਸ ਨੇ ਹੱਦਾਂ ਪਾਰ ਕਰ ਦਿੱਤੀਆਂ। ਇਹ ਉਨ੍ਹਾਂ ਕਲਾਕਾਰਾਂ ਨੂੰ ਰੋਕ ਰਹੇ ਹਨ ਜੋ ਮਾਂ ਭਾਰਤੀ ਦੇ ਨਾਲ ਖੜੇ ਹਨ। ਕਾਂਗਰਸੀ ਨੇਤਾ ਸੁਣ ਲੈਣ, ਜਿਹੜਾ ਵੀ ਵਿਅਕਤੀ ਜਾਂ ਕਲਾਕਾਰ ਦੇਸ਼ ਦੇ ਨਾਲ ਖੜ੍ਹਾ ਹੈ, ਸਾਰਾ ਦੇਸ਼ ਉਸ ਦੇ ਨਾਲ ਖੜਾ ਹੈ।