ਨਵੀਂ ਦਿੱਲੀ: ਸੀਨੀਅਰ ਵਕੀਲ ਐਚਐਸ ਫੂਲਕਾ ਲੰਬੇ ਸਮੇਂ ਤੋਂ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ਼ ਦਵਾਉਣ ਦੀ ਲੜਾਈ ਲੜ ਰਹੇ ਹਨ। ਇਸ ਸਭ ਦਰਮਿਆਨ ਫੂਲਕਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਕੋਰਟ ਦੇ ਜੱਜ ਨੇ ਖ਼ੁਦ ਇਸ ਬਾਰੇ ਜਾਣਕਾਰੀ ਦਿੱਤੀ।

ਸੋਮਵਾਰ ਨੂੰ ਜਦ ਫੂਲਕਾ ਸਿੱਖ ਕਤਲੇਆਮ ਨਾਲ ਜੁੜੇ ਇੱਕ ਕੇਸ ਦੀ ਸੁਣਵਾਈ ਲਈ ਦਿੱਲੀ ਦੇ ਰਾਊਜ ਐਵੇਨਿਊ ਕੋਰਟ ਪਹੁੰਚੇ ਤਾਂ ਮੁੱਖ ਮੈਟਰੋਪਾਲਿਟਨ ਮਜਿਸਟ੍ਰੇਟ ਹਰਜਿਓਤ ਸਿੰਘ ਭੱਲਾ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵਾਲੀ ਚਿੱਠੀ ਬਾਰੇ ਦੱਸਿਆ।

ਇਸ 'ਤੇ ਫੂਲਕਾ ਨੇ ਕਿਹਾ ਕਿ ਉਹ 35 ਸਾਲ ਤੋਂ ਇਹ ਲੜਾਈ ਲੜ ਰਹੇ ਹਨ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਰਾਊਜ ਐਵੇਨਿਊ ਕੋਰਟ 1984 ਕਤਲੇਆਮ ਨਾਲ ਜੁੜੇ ਮਾਮਲਿਆਂ 'ਚ ਸੁਣਵਾਈ ਕਰ ਰਹੀ ਸੀ, ਜਿਸ 'ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਮੁਲਜ਼ਮ ਹਨ।

ਸੀਬੀਆਈ ਇਸ ਮਾਮਲੇ 'ਚ ਟਾਈਟਲਰ ਨੂੰ ਤਿੰਨ ਵਾਰ ਕਲੀਨ ਚਿੱਟ ਦੇ ਚੁੱਕੀ ਹੈ, ਪਰ ਅਦਾਲਤ ਨੇ ਸੀਬੀਆਈ ਨੂੰ ਇਸ ਮਾਮਲੇ 'ਚ ਅੱਗੇ ਜਾਂਚ ਦੇ ਨਿਰਦੇਸ਼ ਦਿੱਤੇ ਸੀ।