ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪੁਲਿਸ ਕਮਿਸ਼ਨਰ ਨੂੰ ਚੇਤਾਵਨੀ ਦਿੱਤੀ ਹੈ। ਦਰਅਸਲ ਬੀਤੇ ਦਿਨੀਂ ਲੋਕ ਇਨਸਾਫ ਪਾਰਟੀ ਦੇ ਵਰਕਰ ਕਾਂਗਰਸੀ ਲੀਡਰ ਰਵਨੀਤ ਬਿੱਟੂ ਦੇ ਘਰ ਅੱਗੇ ਉਨ੍ਹਾਂ ਨੂੰ ਭੀਖ 'ਚ ਮੰਗੀ ਰਕਮ ਦਾਨ ਕਰਨ ਲਈ ਜਾ ਰਹੇ ਸੀ, ਤਾਂ ਜੋ ਕੋਰੋਨਾ ਦਾ ਇਲਾਜ ਕਰ ਰਹੇ ਹਸਪਤਾਲਾਂ 'ਚ ਸਹੂਲਤਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਦੌਰਾਨ ਦੋਹਾਂ ਪਾਰਟੀਆਂ ਦੇ ਵਰਕਰਾਂ 'ਚ ਝੜਪ ਹੋ ਗਈ।


ਇੱਕ ਵੀਡੀਓ ਵੀ ਸਾਹਮਣੇ ਆਈ, ਜਿਸ 'ਚ ਲੋਕ ਇਨਸਾਫ ਪਾਰਟੀ ਦੇ ਬੁਲਾਰੇ ਸੰਨੀ ਕੈਂਥ ਨਾਲ ਬੁਰੇ ਤਰੀਕੇ ਨਾਲ ਕੁੱਟ-ਮਾਰ ਹੁੰਦੀ ਦਿਖਾਈ ਦੇ ਰਹੀ ਹੈ। ਬੈਂਸ ਨੇ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਸੰਨੀ ਕੈਂਥ 'ਤੇ ਹਮਲਾ ਕਰਨ ਵਾਲੇ ਕਾਂਗਰਸੀ ਵਰਕਰਾਂ 'ਤੇ ਬਣਦੀ ਕਾਰਵਾਈ ਨਹੀਂ ਹੋਈ ਤਾਂ ਉਹ ਕਮਿਸ਼ਨਰ ਦਫ਼ਤਰ ਦਾ ਆਪਣੇ ਸਮਰਥਕਾਂ ਸਮੇਤ ਘਿਰਾਓ ਕਰਨਗੇ। ਬੈਂਸ ਨੇ ਕਿਹਾ ਕਿ ਕੱਲ੍ਹ ਵੀ ਉਹ ਆਪਣੇ ਸਮਰਥਕਾਂ ਨਾਲ ਪੁਲਿਸ ਪ੍ਰਸ਼ਾਸ਼ਨ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕਰਨਗੇ।




ਸਿਮਰਨਜੀਤ ਬੈਂਸ ਨੇ ਕਿਹਾ ਕਿ ਲੋਕਤੰਤਰ ਦਾ ਸ਼ਰੇਆਮ ਘਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਹਮਲਾ ਕੀਤਾ ਗਿਆ ਹੈ, ਉਹ ਸੋਚੀ-ਸਮਝੀ ਸਾਜ਼ਿਸ਼ ਤਹਿਤ ਪੁਲਿਸ ਦੀ ਸ਼ਹਿ 'ਤੇ ਹੋਇਆ ਹੈ। ਕਮਿਸ਼ਨਰ ਪੁਲਿਸ ਲੁਧਿਆਣਾ ਵੀ ਲਾਅ ਐਂਡ ਆਰਡਰ ਨੂੰ ਸਾਂਭਣ 'ਚ ਫੇਲ੍ਹ ਸਾਬਤ ਹੋਏ ਹਨ।




ਉਨ੍ਹਾਂ ਕਿਹਾ ਕਿ ਕਮਿਸ਼ਨਰ ਸੱਤਾ ਧਿਰ ਆਗੂਆਂ ਦੀ ਕਠਪੁਤਲੀ ਬਣਿਆ ਹੋਇਆ ਹੈ। ਬੈਂਸ ਨੇ ਕਿਹਾ ਕਿ ਜੇਕਰ 48 ਘੰਟਿਆਂ 'ਚ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਪੁਲਿਸ ਕਮਿਸ਼ਨਰ ਦਫ਼ਤਰ ਦਾ ਉਹ ਆਪਣੇ ਸਮਰਥਕਾਂ ਸਮੇਤ ਘਿਰਾਓ ਕਰਨਗੇ ਤੇ ਪੁਲਿਸ ਕਮਿਸ਼ਨਰ ਦਾ ਸਾਰਾ ਕੱਚਾ ਚੱਠਾ ਜਨਤਾ ਅੱਗੇ ਖੋਲ੍ਹਣਗੇ।