ਚੰਡੀਗੜ੍ਹ: ਅਕਤੂਬਰ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਪ੍ਰਦਰਸ਼ਨਕਾਰੀ ਸਿੱਖਾਂ 'ਤੇ ਹੋਈ ਪੁਲਿਸ ਕਾਰਵਾਈ, ਸਭ ਕੁਝ ਯੋਜਨਾਤਮਕ ਤਰੀਕੇ ਨਾਲ 'ਕਰਵਾਇਆ' ਗਿਆ। ਇਹ ਦਾਅਵਾ ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਤੇ ਬਹਿਬਲ ਕਲਾਂ ਗੋਲ਼ੀਕਾਂਡ ਦੀ ਪੜਤਾਲ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਬੀਤੀ 28 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਕੀਤਾ ਹੈ। ਬੇਅਦਬੀ ਤੇ ਗੋਲ਼ੀਕਾਂਡ ਦੀਆਂ ਘਟਨਾਵਾਂ ਵਿੱਚ ਇਹ ਪਹਿਲਾ ਸੰਯੁਕਤ ਰੂਪ ਵਿੱਚ ਪੇਸ਼ ਕੀਤਾ ਗਿਆ ਚਲਾਨ ਹੈ, ਜਿਸ ਨਾਲ ਇਨ੍ਹਾਂ ਘਟਨਾਵਾਂ ਦੀ ਤਸਵੀਰ ਸਾਫ ਹੋ ਜਾਂਦੀ ਹੈ।
ਐਸਆਈਟੀ ਨੇ ਆਪਣੇ ਚਲਾਨ ਵਿੱਚ ਇਨ੍ਹਾਂ ਘਟਨਾਵਾਂ ਦੇ ਸਾਜ਼ਿਸ਼ਘਾੜਿਆਂ ਵਿੱਚ ਪੰਜਾਬ ਪੁਲਿਸ ਦੇ ਪੰਜ ਤਤਕਾਲੀ ਪੁਲਿਸ ਅਧਿਕਾਰੀਆਂ ਨੂੰ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਪੜਤਾਲੀਆ ਟੀਮ ਨੇ ਆਪਣੀ ਜਾਂਚ ਦੇ ਘੇਰੇ ਵਿੱਚ ਆਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਤਤਕਾਲੀ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਤੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨਾਲ ਡੇਰਾ ਸਿਰਸਾ ਦੇ ਉਕਤ ਘਟਨਾਵਾਂ ਦੇ ਤਾਣੇ-ਬਾਣੇ ਨੂੰ ਵੀ ਉਜਾਗਰ ਕੀਤਾ ਹੈ।
ਜਾਂਚ ਟੀਮ ਵਿੱਚ ਮੁੜ ਤੋਂ ਸ਼ਾਮਲ ਹੋਏ ਇੰਸਪੈਕਟਰ ਜਨਰਲ ਕੁੰਵਰ ਵਿਜੇ ਪ੍ਰਤਾਪ ਨੇ ਕੋਟਕਪੂਰਾ ਗੋਲ਼ੀਕਾਂਡ ਸਬੰਧੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਤਤਕਾਲੀ ਐਸਐਚਓ ਕੋਟਕਪੂਰਾ ਗੁਰਦੀਪ ਸਿੰਘ, ਡੀਐਸਪੀ ਬਲਜੀਤ ਸਿੰਘ ਤੇ ਏਡੀਸੀਪੀ ਲੁਧਿਆਣਾ ਪਰਮਜੀਤ ਸਿੰਘ ਪੰਨੂ ਤੋਂ ਇਲਾਵਾ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਖ਼ਿਲਾਫ਼ ਚਲਾਨ ਪੇਸ਼ ਕਰ ਦਿੱਤਾ ਹੈ। ਆਪਣੇ ਚਲਾਨ ਵਿੱਚ ਤਤਕਾਲੀ ਅਕਾਲੀ ਸਰਕਾਰ ਨੂੰ ਲਪੇਟੇ ਵਿੱਚ ਲੈਂਦਿਆਂ ਐਸਆਈਟੀ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਪੰਜਾਬ ਪੁਲਿਸ ਦੇ ਤਤਕਾਲੀ ਸੂਹੀਆ ਵਿੰਗ ਦੇ ਮੁਖੀ ਹਰਦੀਪ ਸਿੰਘ ਢਿੱਲੋਂ ਦੀ ਬਦਲੀ ਤੋਂ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ 15 ਕੇਸ ਰਿਪੋਰਟ ਕੀਤੇ ਗਏ।
ਚਲਾਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਤਿੰਨ-ਤਿੰਨ ਸੀਨੀਅਰ ਅਧਿਕਾਰੀਆਂ ਦੇ ਮੌਜੂਦ ਹੋਣ ਦੇ ਬਾਵਜੂਦ ਢਿੱਲੋਂ ਦੀ ਥਾਂ ਉਨ੍ਹਾਂ ਤੋਂ ਕਾਫੀ ਜੂਨੀਅਰ ਡੀਆਈਜੀ ਰੈਂਕ ਦੇ ਅਧਿਕਾਰੀ ਆਰਕੇ ਜੈਸਵਾਲ ਨੂੰ 10 ਅਕਤੂਬਰ, 2015 ਨੂੰ ਇੰਟੈਲੀਜੈਂਸ ਵਿੰਗ ਦਾ ਮੁਖੀ ਲਾ ਦਿੱਤਾ ਗਿਆ ਤੇ ਉਹ ਤਤਕਾਲੀ ਪੁਲਿਸ ਮੁਖੀ ਡੀਜੀਪੀ ਸੁਮੇਧ ਸੈਣੀ ਨੂੰ ਰਿਪੋਰਟ ਕਰਦੇ ਸਨ। ਇਸ ਤੋਂ ਦੋ ਦਿਨਾਂ ਬਾਅਦ 12 ਅਕਤੂਬਰ ਨੂੰ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਪਹਿਲੀ ਘਟਨਾ ਵਾਪਰੀ ਤੇ 30 ਅਕਤੂਬਰ ਤਕ ਪੰਜਾਬ ਵਿੱਚ 15 ਮਾਮਲੇ ਹੋਰ ਦੇਖਣ ਨੂੰ ਮਿਲੇ।
ਐਸਆਈਟੀ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਜੂਨੀਅਰ ਅਧਿਕਾਰੀ ਨੂੰ ਸੂਹੀਆ ਵਿਭਾਗ ਦਾ ਮੁਖੀ ਲਾਉਣ ਬਾਰੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਸੀ ਪਰ ਉਹ ਸਹੀ ਢੰਗ ਨਾਲ ਜਵਾਬ ਨਾ ਦੇ ਸਕੇ ਤੇ ਕਹਿਣ ਲੱਗੇ ਕਿ ਡੀਜੀਪੀ ਤੋਂ ਪੁੱਛੋ। ਉੱਧਰ, ਸੈਣੀ ਨੇ ਵੀ ਇਸ ਬਾਰੇ ਗੋਲ-ਮੋਲ ਜਵਾਬ ਦਿੱਤਾ ਤੇ ਗ੍ਰਹਿ ਮੰਤਰੀ ਨੂੰ ਇਸ ਬਾਰੇ ਵਧੇਰੇ ਜਾਣਕਾਰੀ ਹੋਣ ਦੀ ਗੱਲ ਕਹਿ ਦਿੱਤੀ। ਐਸਆਈਟੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜ਼ਿੰਮੇਵਾਰੀ ਵਾਲੇ ਅਹੁਦੇ 'ਤੇ ਜੂਨੀਅਰ ਅਧਿਕਾਰੀ ਨੂੰ ਤਾਇਨਾਤ ਕਰਨਾ ਸੁਖਬੀਰ, ਸੈਣੀ ਤੇ ਡੇਰਾ ਸਿਰਸਾ ਦੇ ਮੁਖੀ ਤੇ ਮੈਂਬਰਾਂ ਦੀ ਯੋਜਨਾ ਦਾ ਨਤੀਜਾ ਹੈ।
ਐਸਆਈਟੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਸ ਸਮੇਂ ਜਿੱਥੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਫ਼ਿਲਮ ਐਮਐਸਜੀ-2 ਪੰਜਾਬ ਵਿੱਚ ਰੁਕੀ ਹੋਈ ਸੀ, ਉੱਥੇ ਹੀ ਬਾਲੀਵੁੱਡ ਸਿਤਾਰੇ ਅਕਸ਼ੇ ਕੁਮਾਰ ਦੀ ਫ਼ਿਲਮ ਸਿੰਘ ਇਜ਼ ਬਲਿੰਗ ਵੀ ਵਿਵਾਦਾਂ ਵਿੱਚ ਸੀ। ਜਾਂਚ ਟੀਮ ਮੁਤਾਬਕ ਦੋਵਾਂ ਨੂੰ ਹਰੀ ਝੰਡੀ ਦਿਵਾਉਣ ਲਈ ਸਤੰਬਰ 2015 ਵਿੱਚ ਅਕਸ਼ੇ ਨੇ ਮੁੰਬਈ ਵਿੱਚ ਸੁਖਬੀਰ ਤੇ ਡੇਰਾ ਮੁਖੀ ਦੀ ਬੈਠਕ ਕਰਵਾਈ ਸੀ। ਇਸ ਮਗਰੋਂ 24 ਸਤੰਬਰ 2015 ਨੂੰ ਅਕਾਲ ਤਖ਼ਤ ਤੋਂ ਗੁਰਮੀਤ ਰਾਮ ਰਹੀਮ ਨੂੰ ਸਾਲ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰਨ ਦੇ ਮਾਮਲੇ ਵਿੱਚ ਮੁਆਫੀ ਮਿਲ ਗਏ ਸੀ। ਇਸ ਤੋਂ ਠੀਕ ਅਗਲੇ ਦਿਨ ਐਮਐਸਜੀ-2 ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਪੰਜਾਬ ਵਿੱਚ ਰਿਲੀਜ਼ ਹੋ ਗਈ ਅਤੇ ਦੋ ਅਕਤੂਬਰ 2015 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਸ਼ੇ ਕੁਮਾਰ ਦੀ ਫ਼ਿਲਮ ਨੂੰ ਵੀ ਹਰੀ ਝੰਡੀ ਦੇ ਦਿੱਤੀ ਸੀ।
ਇਸ ਸਭ ਦੌਰਾਨ 14 ਅਕਤੂਬਰ 2015 ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਧਰਨੇ ਦੇ ਰਹੇ ਸਿੱਖਾਂ 'ਤੇ ਪੁਲਿਸ ਕਾਰਵਾਈ ਹੋਈ ਸੀ। ਐਸਆਈਟੀ ਨੇ ਇਸ ਮਾਮਲੇ ਵਿੱਚ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਖ਼ਿਲਾਫ਼ ਪਹਿਲਾਂ ਹੀ ਚਲਾਨ ਪੇਸ਼ ਕੀਤਾ ਹੋਇਆ ਹੈ। ਇਸ ਚਲਾਨ ਵਿੱਚ ਕੋਟਕਪੂਰਾ ਗੋਲ਼ੀਕਾਂਡ ਬਾਰੇ ਇੱਥੋਂ ਦੇ ਤਤਕਾਲੀ ਅਕਾਲੀ ਵਿਧਾਇਕ ਦੀ ਸ਼ੱਕੀ ਭੂਮਿਕਾ ਨੂੰ ਐਸਆਈਟੀ ਨੇ ਉਜਾਗਰ ਕੀਤਾ ਹੈ।
ਹਾਲਾਂਕਿ, ਐਸਆਈਟੀ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਘਟਨਾਵਾਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ, ਤਤਕਾਲੀ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਅਤੇ ਉਦੋਂ ਦੇ ਡੀਆਈਜੀ ਅਮਰ ਸਿੰਘ ਚਹਿਲ ਦੀ ਸ਼ਮੂਲੀਅਤ ਬਾਰੇ ਪੜਤਾਲ ਜਾਰੀ ਹੈ। ਐਸਆਈਟੀ ਵੱਲੋਂ ਚਲਾਨ ਪੇਸ਼ ਹੋਣ ਮਗਰੋਂ ਅਦਾਲਤ ਵਿੱਚ ਇਹ ਕੇਸ ਸ਼ੁਰੂ ਹੋ ਗਿਆ ਹੈ ਅਤੇ ਗੋਲ਼ੀਕਾਂਡ ਤੇ ਪੁਲਿਸ ਕਾਰਵਾਈ ਦੇ ਦੋਸ਼ੀ ਇਸ ਕੇਸ ਦੇ ਫੈਸਲੇ ਉਪਰੰਤ ਸਾਹਮਣੇ ਆ ਜਾਣਗੇ।
ਬੇਅਦਬੀਆਂ ਤੋਂ ਲੈ ਕੇ ਗੋਲ਼ੀਕਾਂਡ ਸਭ ਕੁਝ ਯੋਜਨਾਬੱਧ? ਐਸਆਈਟੀ ਨੇ ਬਿਆਨੀ ਹੈਰਾਨੀਜਨਕ ਕਹਾਣੀ
ਏਬੀਪੀ ਸਾਂਝਾ
Updated at:
30 May 2019 02:20 PM (IST)
ਜਾਂਚ ਟੀਮ ਮੁਤਾਬਕ ਦੋਵਾਂ ਨੂੰ ਹਰੀ ਝੰਡੀ ਦਿਵਾਉਣ ਲਈ ਸਤੰਬਰ 2015 ਵਿੱਚ ਅਕਸ਼ੇ ਨੇ ਮੁੰਬਈ ਵਿੱਚ ਸੁਖਬੀਰ ਤੇ ਡੇਰਾ ਮੁਖੀ ਦੀ ਬੈਠਕ ਕਰਵਾਈ ਸੀ। ਇਸ ਮਗਰੋਂ 24 ਸਤੰਬਰ 2015 ਨੂੰ ਅਕਾਲ ਤਖ਼ਤ ਤੋਂ ਗੁਰਮੀਤ ਰਾਮ ਰਹੀਮ ਨੂੰ ਸਾਲ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰਨ ਦੇ ਮਾਮਲੇ ਵਿੱਚ ਮੁਆਫੀ ਮਿਲ ਗਏ ਸੀ। ਇਸ ਤੋਂ ਠੀਕ ਅਗਲੇ ਦਿਨ ਐਮਐਸਜੀ-2 ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਪੰਜਾਬ ਵਿੱਚ ਰਿਲੀਜ਼ ਹੋ ਗਈ ਅਤੇ ਦੋ ਅਕਤੂਬਰ 2015 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਸ਼ੇ ਕੁਮਾਰ ਦੀ ਫ਼ਿਲਮ ਨੂੰ ਵੀ ਹਰੀ ਝੰਡੀ ਦੇ ਦਿੱਤੀ ਸੀ।
ਫ਼ਾਈਲ ਤਸਵੀਰ
- - - - - - - - - Advertisement - - - - - - - - -