ਯਾਦਵਿੰਦਰ ਸਿੰਘ   ਚੰਡੀਗੜ੍ਹ: ਬਾਰ੍ਹਵੀਂ ਦੀ ਇਤਿਹਾਸ ਦੇ ਕਿਤਾਬ ਦੇ ਪਾਠਕ੍ਰਮ ਨਾਲ ਛੇੜਛਾੜ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਗਠਿਤ ਕੀਤੀ ਕਮੇਟੀ ਨੇ ਸਿਲੇਬਸ ਵਿੱਚ ਸਿੱਖ ਧਰਮ ਨੂੰ 'ਅੱਖੋਂ-ਪਰੋਖੇ' ਕੀਤੇ ਜਾਣ ਦੀ ਗੱਲ ਮੰਨੀ ਹੈ। ਏਬੀਪੀ ਸਾਂਝਾ 'ਤੇ ਕਮੇਟੀ ਦੀ ਅਗਵਾਈ ਕਰ ਰਹੇ ਇਤਿਹਾਸਕਾਰ ਪ੍ਰੋਫ਼ੈਸਰ ਕਿਰਪਾਲ ਸਿੰਘ ਨੇ ਕਿਹਾ 12ਵੀਂ ਜਮਾਤ ਦੀ ਮੌਜੂਦਾ ਕਿਤਾਬ ਠੀਕ ਨਹੀਂ ਹੈ। ਇਸ ਦੀ ਥਾਂ ਬੱਚੇ ਪੁਰਾਣੇ ਸਿਲੇਬਸ ਦੀ ਕਿਤਾਬ ਪੜ੍ਹਨ। ਉੱਧਰ, ਅਕਾਲੀ ਦਲ ਨੇ ਕਮੇਟੀ ਦਾ ਧੰਨਵਾਦ ਕੀਤਾ ਤੇ ਸਰਕਾਰ ਤੋਂ ਮੰਗ ਕੀਤੀ ਕਿ ਹੁਣ ਇਹ ਤੈਅ ਕੀਤਾ ਜਾਣਾ ਚਾਹੀਦਾ ਹੈ ਕਿ ਕਿਸ ਦੇ ਇਸ਼ਾਰੇ ਉੱਪਰ ਸਿਲੇਬਸ ਵਿੱਚ ਇੰਨੀ ਵੱਡੀ ਤਬਦੀਲੀ ਕੀਤੀ ਗਈ। ਕਮੇਟੀ ਦੇ ਮੁਖੀ ਨੇ ਕਿਹਾ ਕਿ ਅਜੇ ਸਾਡੀ ਕਮੇਟੀ ਦੀਆਂ ਹੋਰ ਬੈਠਕਾਂ ਹੋਣੀਆਂ ਹਨ ਅਤੇ ਹੋਰ ਵੀ ਘੋਖ ਕਰਨੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮੁੱਖ ਮੰਤਰੀ ਨੂੰ ਥੋੜ੍ਹੇ ਸਮੇਂ ਬਾਅਦ ਮਿਲ ਕੇ ਰਿਪੋਰਟ ਦੇਵਾਂਗੇ। ਪ੍ਰੋਫ਼ੈਸਰ ਕਿਰਪਾਲ ਸਿੰਘ ਨੇ ਕਿਹਾ ਕਿ ਨਵੀਂ ਕਿਤਾਬ ਬਨਾਉਣ ਵਾਲੀ ਕਮੇਟੀ ਪੂਰੀ ਤਰ੍ਹਾਂ ਫੇਲ੍ਹ ਹੈ, ਉਸ ਨੇ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 280 ਸਫ਼ਿਆਂ ਦੀ ਕਿਤਾਬ ਵਿੱਚ ਪੰਜਾਬ ਦੇ ਇਤਿਹਾਸ ਬਾਰੇ ਸਿਰਫ਼ 22 ਪੰਨੇ। ਉਨ੍ਹਾਂ ਕਿਹਾ ਕਿ ਨਵੀਂ ਕਿਤਾਬ ਵਿੱਚ ਮਹਾਨ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਉਤੇ ਸਿਰਫ਼ 4 ਸਤਰਾਂ ਹੀ ਦਰਜ ਹਨ ਅਤੇ ਪੁਰਾਣੀ ਕਿਤਾਬ ਵਿੱਚ 27 ਟੌਪਿਕ ਸਨ ਤੇ ਹੁਣ ਸਿਰਫ 16 ਹਨ। ਕਿਰਪਾਲ ਸਿੰਘ ਮੁਤਾਬਕ ਕਿਤਾਬ ਦੇ ਲੇਖਕਾਂ ਨੂੰ ਵਿਸ਼ੇ ਦਾ ਸਤਿਹੀ ਗਿਆਨ ਸੀ। ਉਨ੍ਹਾਂ ਕਿਹਾ ਕਿ ਕਿਤਾਬ ਲਿਖਣ ਵਾਲੇ ਲੋਕਾਂ ਨੂੰ ਲਾ-ਇਲਮੀ ਹੈ, ਉਨ੍ਹਾਂ ਨੂੰ ਗਿਆਨ ਹੀ ਨਹੀਂ ਸੀ, ਉਹਨਾਂ ਕੁਝ ਪੜ੍ਹਿਆ ਹੀ ਨਹੀਂ। ਇਤਿਹਾਸਕਾਰ ਕਿਰਪਾਲ ਸਿੰਘ ਨੇ ਇਸ ਮਸਲੇ ਦੇ ਹੱਲ ਵਜੋਂ ਏਬੀਪੀ ਸਾਂਝਾ 'ਤੇ ਪੇਸ਼ਕਸ਼ ਕੀਤੀ ਕਿ ਜੇ ਸਰਕਾਰ ਸਾਨੂੰ ਕਹੇਗੀ ਤਾਂ ਅਸੀਂ ਕਿਤਾਬ ਬਣਾ ਕੇ ਦੇ ਦੇਵਾਂਗਾ ਤੇ ਸਿਲੇਬਸ ਬਾਰੇ ਵੀ ਸਾਲਾਹ ਦਿਆਂਗੇ। ਉਨ੍ਹਾਂ ਕਿਹਾ ਕਿ ਕਿਤਾਬ ਹਰ ਵਿਚਾਰਧਾਰਾ ਤੋਂ ਮੁਕਤ ਹੋ ਕੇ ਆਜ਼ਾਦ ਹੋ ਕੇ ਲਿਖਣੀ ਚਾਹੀਦੀ ਹੈ।