ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਥਿਤ ਕਤਲ ਦੀ ਸਾਜ਼ਿਸ਼ ਤੋਂ ਬਾਅਦ ਸੱਤਾਧਾਰੀ ਤੇ ਵਿਰੋਧੀ ਧਿਰ ਆਹਮੋ-ਸਾਹਮਣੇ ਹੋ ਗਏ ਹਨ। ਵਿੱਤ ਮੰਤਰੀ ਅਰੁਣ ਜੇਟਲੀ ਨੇ ਵਿਰੋਧੀ ਦਲਾਂ 'ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਐਨਡੀਏ ਵਿਰੋਧੀ ਮੁਹਿੰਮ ਵਿੱਚ ਮਾਓਵਾਦੀ ਤਾਕਤਾਂ ਦਾ ਇਸਤੇਮਾਲ ਨਾ ਸਿਰਫ਼ ਸਰਕਾਰ ਦੇ ਖ਼ਿਲਾਫ਼ ਹੈ, ਬਲਕਿ ਸੰਵਿਧਾਨ ਦੇ ਵੀ ਵਿਰੁੱਧ ਹੈ।
ਇਸ ਦੇ ਨਾਲ ਹੀ ਕਾਂਗਰਸ ਨੇ ਕਿਹਾ ਕਿ ਬੀਜੇਪੀ ਦਾ ਦੋਗਲਾਪਣ ਸਾਹਮਣੇ ਆ ਗਿਆ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਿਦਆਂ ਕਿਹਾ ਕਿ ਬੀਜੇਪੀ ਦਾ ਦੂਹਰਾ ਰਵੱਈਆ ਤੇ ਦੋਗਲਾਪਣ ਫਿਰ ਤੋਂ ਬੇਨਕਾਬ ਹੋ ਗਿਆ ਹੈ। ਕੇਂਦਰੀ ਮੰਤਰੀ ਅਠਾਵਲੇ ਕਹਿੰਦੇ ਹਨ ਕਿ ਦਲਿਤ ਵਰਕਰਾਂ ਦੀ ਗ੍ਰਿਫ਼ਤਾਰੀ ‘ਅਨਿਆਂ’ ਹੈ ਤੇ ਏਲਗਾਰ ਪ੍ਰੀਸ਼ਦ ਦਾ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਗ੍ਰਿਫ਼ਤਾਰ ਲੋਕਾਂ ਨੂੰ ‘ਮਾਓਵਾਦੀ ਮੈਂਬਰ’ ਦੱਸ ਰਹੀ ਹੈ। ਸਵਾਲ ਇਹ ਹੈ ਕਿ ਝੂਠ ਕੌਣ ਬੋਲ ਰਿਹਾ ਹੈ।
ਅਸੀਂ ਇੰਦਰਾ, ਰਾਜੀਵ, ਨੰਦ ਕੁਮਾਰ ਪਟੇਲ ਨੂੰ ਗਵਾਇਆ
ਸੁਰਜੇਵਾਲਾ ਨੇ ਪੀਐਮ ਦੇ ਕਤਲ ਦੀ ਸਾਜ਼ਿਸ਼ ਸਬੰਧੀ ਕਿਹਾ ਕਿ ਇਹ ਗੱਲ ਕਾਂਗਰਸ ਤੋਂ ਬਿਹਤਰ ਕੋਈ ਨਹੀਂ ਸਮਝ ਸਕਦਾ ਕਿਉਂਕਿ ਉਨ੍ਹਾਂ ਆਪਣੇ ਮਹਾਤਮਾ ਗਾਂਧੀ, ਇੰਦਰਾ ਗਾਂਧੀ, ਬੇਅੰਤ ਸਿੰਘ, ਰਾਜੀਵ ਗਾਂਧੀ, ਸ਼ੁਕਲਾ ਤੇ ਨੰਦ ਕੁਮਾਰ ਵਰਗੇ ਕਈ ਦਿੱਗਜ ਲੀਡਰਾਂ ਨੂੰ ਗਵਾਇਆ ਹੈ। ਉਨ੍ਹਾਂ ਕਿਹਾ ਕਿ ਭੀਮਾ-ਕੋਰੇਗਾਂਵ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਸਮੇਂ ਦੀ ਮੰਗ ਹੈ।