ਪੁਣੇ: ਭੀਮਾ-ਕੋਰੇਗਾਉਂ ਹਿੰਸਾ ਮਾਮਲੇ ਵਿੱਚ ਹੋਈ ਗ੍ਰਿਫਤਾਰੀ ਤੋਂ ਬਾਅਦ ਹੁਣ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਇਹ ਜਾਣਕਾਰੀ ਪੁਣੇ ਪੁਲਿਸ ਨੇ ਦਿੱਤੀ ਹੈ, ਜੋ ਚਿੱਠੀ ਰਾਹੀਂ ਸਾਹਮਣੇ ਆਈ ਹੈ।

 

ਪੁਣੇ ਪੁਲਿਸ ਨੇ ਅੱਜ ਸੈਸ਼ਨ ਅਦਾਲਤ ਨੂੰ ਦੱਸਿਆ ਕਿ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ ਸੰਗਠਨ) ਨਾਲ ਸਬੰਧ ਰੱਖਣ ਦੇ ਇਲਜ਼ਾਮ ਹੇਠ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਇੱਕ ਪਾਸੋਂ ਇਹ ਚਿੱਠੀ ਕਥਿਤ ਰੂਪ ਵਿੱਚ ਬਰਾਮਦ ਕੀਤੀ ਗਈ ਹੈ। ਇਸ ਚਿੱਠੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਮਾਓਵਾਦੀ 'ਇੱਕ ਹੋਰ ਰਾਜੀਵ ਗਾਂਧੀ ਕਾਂਡ' ਦੀ ਯੋਜਨਾ ਬਣਾ ਰਹੇ ਹਨ।

ਵਕੀਲ ਉੱਜਵਲ ਨਿਕਮ ਨੇ ਅਦਾਲਤ ਨੂੰ ਦੱਸਿਆ ਕਿ ਗ੍ਰਿਫ਼ਤਾਰ ਪੰਜ ਦਲਿਤ ਕਾਰਕੁਨਾਂ ਵਿੱਚੋਂ ਇੱਕ ਦਿੱਲੀ ਦੇ ਰੋਨਾ ਵਿਲਸਨ ਦੇ ਘਰ ਮਿਲੀ ਚਿੱਠੀ ਵਿੱਚ ਐਮ-4 ਰਾਈਫ਼ਲ ਤੇ ਰੌਂਦ ਖਰੀਦਣ ਲਈ ਅੱਠ ਕਰੋੜ ਰੁਪਏ ਦੀ ਜ਼ਰੂਰਤ ਦੀ ਗੱਲ ਵੀ ਲਿਖੀ ਹੈ। ਨਾਲ ਹੀ ਇੱਕ ਹੋਰ ਰਾਜੀਵ ਗਾਂਧੀ ਕਾਂਡ ਦਾ ਜ਼ਿਕਰ ਵੀ ਕੀਤਾ ਗਿਆ ਹੈ।

ਚਿੱਠੀ ਵਿੱਚ ਕੀ ਲਿਖਿਆ ਹੈ-

ਪੁਲਿਸ ਵੱਲੋਂ ਬਰਾਮਦ ਕੀਤੀ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ

ਪਿਆਰੇ ਕਾਮਰੇਡ ਪ੍ਰਕਾਸ਼,

ਲਾਲ ਸਲਾਮ

"ਮੋਦੀ ਦੀ ਅਗਵਾਈ ਵਿੱਚ ਹਿੰਦੂ ਫਾਸ਼ੀਵਾਦ ਦਾ ਫੈਲਾਅ ਤੇਜ਼ੀ ਨਾਲ ਹੋ ਰਿਹਾ ਹੈ ਤੇ ਇਸ ਨੂੰ ਦਬਾਉਣ ਲਈ ਮੋਦੀ ਨੂੰ ਰੋਕਣਾ ਲਾਜ਼ਮੀ ਹੈ। ਬਿਹਾਰ, ਪੱਛਮੀ ਬੰਗਾਲ ਵਰਗੇ ਵੱਡੇ ਸੂਬਿਆਂ ਵਿੱਚ ਹਾਰ ਦੇ ਬਾਵਜੂਦ ਮੋਦੀ ਕਰਕੇ ਦੇਸ਼ ਦੇ 15 ਸੂਬਿਆਂ ਵਿੱਚ ਭਾਜਪਾ ਨੇ ਸੱਤਾ ਹਾਸਲ ਕਰ ਲਈ ਹੈ। ਜੇਕਰ ਇਹ ਇਸੇ ਰਫ਼ਤਾਰ ਨਾਲ ਜਾਰੀ ਰਿਹਾ ਤਾਂ ਪਾਰਟੀ ਲਈ ਕਾਫੀ ਮੁਸ਼ਕਲਾਂ ਵੱਧ ਜਾਣਗੀਆਂ।

ਕਿਸਾਨ ਤੇ ਸੀਨੀਅਰ ਕਾਮਰੇਡਸ ਨੇ ਮੋਦੀ ਰਾਜ ਨੂੰ ਰੋਕਣ ਲਈ ਵੱਡਾ ਕਦਮ ਚੁੱਕਣ ਦੀ ਸੋਚੀ ਹੈ। ਅਸੀਂ ਇੱਕ ਹੋਰ ਰਾਜੀਵ ਗਾਂਧੀ ਕਾਂਡ ਬਾਰੇ ਸੋਚ ਰਹੇ ਹਾਂ। ਇਹ ਇੱਕ ਆਤਮਘਾਤੀ ਕਦਮ ਹੋਵੇਗਾ ਤੇ ਕਾਫੀ ਸੰਭਾਵਨਾ ਹੈ ਕਿ ਅਸੀਂ ਅਸਫਲ ਹੋ ਜਾਈਏ। ਪਰ ਪਾਰਟੀ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਹੋਵੇਗਾ। ਪੀਐਮ ਮੋਦੀ ਦੇ ਰੋਡ ਸ਼ੋਅ ਨੂੰ ਟਾਰਗੇਟ ਕਰਨਾ ਇੱਕ ਚੰਗੀ ਰਣਨੀਤੀ ਹੋ ਸਕਦੀ ਹੈ।"

https://twitter.com/ANI/status/1004982450563440640

ਪੁਲਿਸ ਨੇ ਦਸੰਬਰ ਵਿੱਚ ਇੱਥੇ ਕਰਵਾਏ 'ਐਲਗਾਰ ਪ੍ਰੀਸ਼ਦ' ਤੇ ਇਸ ਤੋਂ ਬਾਅਦ ਜ਼ਿਲ੍ਹੇ ਵਿੱਚ ਭੀਮਾ-ਕੋਰੇਗਾਉਂ ਹਿੰਸਾ ਬਾਰੇ ਬੀਤੇ ਕੱਲ੍ਹ ਦਲਿਤ ਕਾਰਕੁਨ ਸੁਧੀਰ ਧਾਵਲੇ, ਵਕੀਲ ਸੁਰੇਂਦਰ ਗਾਡਲਿੰਗ, ਮਹੇਸ਼ ਰਾਉਤ, ਸ਼ੋਮਾ ਸੇਨ ਤੇ ਰੋਨਾ ਵਿਲਸਨ ਨੂੰ ਮੁੰਬਈ, ਨਾਗਪੁਰ ਤੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ ਸੀਪੀਆਈ (ਐਮ) ਨੇਤਾ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਪੱਤਰ ਜਾਂ ਮਾਮਲਾ ਸਾਹਮਣੇ ਆਇਆ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ।