ਜਲੰਧਰ: ਬਾਂਦਰਾਂ ਦੀ ਤਸਕਰੀ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜੰਗਲਾਤ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਪਿੰਡ ਸ਼ੇਖਾਂ 'ਚ 31 ਬਾਂਦਰਾਂ ਨੂੰ ਆਜ਼ਾਦ ਕਰਵਾਇਆ ਹੈ। ਸਾਰੇ ਬਾਂਦਰਾਂ ਨੂੰ ਹੁਸ਼ਿਆਰਪੁਰ ਦੇ ਜੰਗਲਾਂ 'ਚ ਛੱਡ ਦਿੱਤਾ ਗਿਆ ਹੈ। ਜੰਗਲਾਤ ਵਿਭਾਗ ਮੁਤਾਬਕ ਤਸਕਰ ਹਿਮਾਚਲ ਦੇ ਵੱਖੋ-ਵੱਖ ਸ਼ਹਿਰਾਂ ਤੋਂ ਬਾਂਦਰਾਂ ਦੇ ਬੱਚਿਆਂ ਨੂੰ ਫੜ੍ਹ ਕੇ ਪੰਜਾਬ 'ਚ ਵੇਚ ਰਹੇ ਸੀ। ਬਾਂਦਰ ਦਾ ਇੱਕ ਬੱਚਾ 4 ਹਜ਼ਾਰ ਤੇ ਜੋੜੀ 8 ਹਜ਼ਾਰ 'ਚ ਵੇਚੀ ਜਾ ਰਹੀ ਸੀ।


ਜੰਗਲਾਤ ਵਿਭਾਗ ਦੇ ਅਧਿਕਾਰੀ ਮੁਤਾਬਕ ਉਨ੍ਹਾਂ ਨੂੰ ਇੱਕ ਵਿਅਕਤੀ ਨੇ ਦੱਸਿਆ ਕਿ ਲੋਕ ਵਾਸਤੂ ਦੋਸ਼ ਮਿਟਾਉਣ ਲਈ ਬਾਂਦਰ ਦੀ ਖਰੀਦ ਕਰ ਰਹੇ ਹਨ। ਪਿੰਡ ਦੇ ਨਜ਼ਦੀਕ ਝੁੱਗੀ-ਝੌਂਪੜੀਆਂ ਵਾਲੇ ਬਾਂਦਰ ਵੇਚ ਰਹੇ ਸੀ।

ਗੌਰਤਲਬ ਹੈ ਕਿ ਬਾਂਦਰ, ਭਾਲੂ ਜਾਂ ਸੱਪ ਦਾ ਕਰਤਵ ਦਿਖਾਉਣਾ ਤੇ ਉਨ੍ਹਾਂ ਨੂੰ ਫੜ ਕੇ ਕਬਜ਼ੇ 'ਚ ਰੱਖਣਾ ਗੈਰ-ਕਨੂੰਨੀ ਹੈ। ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਸਜ਼ਾ ਤੇ ਜ਼ੁਰਮਾਨਾ ਦੋਵੇਂ ਹੋ ਸਕਦੇ ਹਨ।