ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਟ ਦੌਰਾਨ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸੀ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਇਸ ਬੈਠਕ ਵਿੱਚ ਗਾਂਧੀ ਨੇ ਦੇਸ਼ ਵਿੱਚ ਜਾਰੀ ਲੌਕਡਾਊਨ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਤਾਲਾਬੰਦੀ ਕਿੰਨਾ ਚਿਰ ਹੋਰ ਜਾਰੀ ਰਹੇਗੀ ਤੇ ਭਾਰਤ ਸਰਕਾਰ ਨੇ ਇਸ ਬਾਰੇ ਫੈਸਲਾ ਕਰਨ ਲਈ ਕੀ ਮਾਪਦੰਡ ਤੈਅ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਕੋਲ 17 ਮਈ ਤੋਂ ਬਾਅਦ ਕੀ ਹੋਵੇਗਾ, ਇਸ ਸਬੰਧੀ ਵੀ ਕੋਈ ਯੋਜਨਾ ਨਹੀਂ।
ਪਾਰਟੀ ਪ੍ਰਧਾਨ ਨੂੰ ਮੁੱਖ ਮੰਤਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਆਪਣੇ ਮੁਤਾਬਕ ਕੋਰੋਨਾ ਜ਼ੋਨ ਤੈਅ ਕਰ ਰਹੀ ਹੈ, ਇਸ ਬਾਰੇ ਸੂਬਿਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੱਸਿਆ ਕਿ ਉਨ੍ਹਾਂ ਦੇ ਸੂਬੇ ਨੂੰ 10 ਹਜ਼ਾਰ ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ ਤੇ ਬਿਨਾ ਕੇਂਦਰੀ ਮਦਦ ਦੇ ਸੂਬਾ ਸਰਕਾਰਾਂ ਕਿਵੇਂ ਲੋਕਾਂ ਦੀ ਮਦਦ ਕਰਨਗੀਆਂ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਨਵੇਂ ਟੈਕਸ ਲਾਉਣ ਦੀ ਤਿਆਰੀ, ਕਈ ਹੋਰ ਚੀਜ਼ਾਂ ਹੋਣਗੀਆਂ ਮਹਿੰਗੀਆਂ
ਸੋਨੀਆ ਗਾਂਧੀ ਨੇ ਅੱਜ ਬੈਠਕ ਵਿੱਚ ਪੰਜਾਬ ਤੇ ਹਰਿਆਣਾ ਸਮੇਤ ਹੋਰ ਸੂਬਿਆਂ ਦੇ ਕਿਸਾਨਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਕਣਕ ਦੀ ਬੰਪਰ ਪੈਦਾਵਾਰ ਕੀਤੀ। ਬੀਤੇ ਕੁਝ ਦਿਨਾਂ ਤੋਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਕੋਰੋਨਾ ਵਾਇਰਸ ਸਬੰਧੀ ਕਾਫੀ ਸਰਗਰਮ ਦਿਖਾਈ ਦੇ ਰਹੇ ਹਨ। ਸੋਨੀਆ ਗਾਂਧੀ ਨੇ ਆਪਣੇ ਘਰ ਵਾਪਸ ਜਾਣ ਵਾਲੇ ਮਜ਼ਦੂਰਾਂ ਲਈ ਰੇਲ ਭਾੜਾ ਦੇਣ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਪਾਰਟੀ ਦੇ ਹਰ ਪੱਧਰ ਦੇ ਨੇਤਾਵਾਂ ਨੇ ਕਾਫੀ ਸਰਗਰਮੀ ਦਿਖਾਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ