ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਬਣਨ ਵਾਲੇ ਚੇਅਰਮੈਨ ਸੌਰਵ ਗਾਂਗੁਲੀ ਤੇ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਸਬੰਧਾਂ ਦੀ ਤਲਖੀ ਜੱਗ-ਜ਼ਾਹਰ ਹੈ। ਅਜਿਹੀ ਸਥਿਤੀ ਵਿੱਚ ਹੁਣ ਜਦੋਂ ਸੌਰਵ ਗਾਂਗੁਲੀ ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਦਾ ਚਾਰਜ ਲੈਣ ਜਾ ਰਹੇ ਹਨ, ਤਾਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਉਨ੍ਹਾਂ ਤੇ ਸ਼ਾਸਤਰੀ ਦੇ ਸਬੰਧਾਂ ਵਿੱਚ ਗਰਮਜੋਸ਼ੀ ਹੋਵੇਗੀ ਜਾਂ ਨਹੀਂ? ਹਾਲਾਂਕਿ, ਇੱਕ ਪ੍ਰੈੱਸ ਕਾਨਫਰੰਸ ਵਿੱਚ ਜਦੋਂ ਸੌਰਵ ਗਾਂਗੁਲੀ ਨੂੰ ਸ਼ਾਸਤਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੋ-ਟੁਕ ਜਵਾਬ ਦਿੱਤਾ।


ਪੱਤਰਕਾਰ ਨੇ ਗਾਂਗੁਲੀ ਤੋਂ ਧੋਨੀ ਬਾਰੇ ਪੁੱਛਿਆ, ਜਿਸ 'ਤੇ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਚੋਣਕਰਤਾਵਾਂ ਨਾਲ ਗੱਲ ਕਰਨਗੇ ਤੇ ਫਿਰ ਧੋਨੀ ਬਾਰੇ ਕੁਝ ਕਹਿਣਗੇ। ਹਾਲਾਂਕਿ ਇਸ ਤੋਂ ਜਲਦੀ ਬਾਅਦ, ਪੱਤਰਕਾਰ ਨੇ ਪੁੱਛਿਆ ਕਿ ਜੇ ਉਹ ਇਸ ਬਾਰੇ ਰਵੀ ਸ਼ਾਸਤਰੀ ਨਾਲ ਗੱਲ ਕਰਨਗੇ, ਤਾਂ ਉਹ ਮੁਸਕਰਾ ਪਏ ਤੇ ਕਿਹਾ, 'ਕਿਉਂ? ਰਵੀ ਸ਼ਾਸਤਰੀ ਨੇ ਹੁਣ ਕੀ ਕਰ ਦਿੱਤਾ?'


ਬੀਸੀਸੀਆਈ ਦੀ ਕਮਾਨ ਮਿਲਣ ਬਾਅਦ ਗਾਂਗੁਲੀ ਨੇ ਕਿਹਾ ਕਿ ਬੀਸੀਸੀਆਈ ਦਾ ਪ੍ਰਧਾਨ ਬਣਨ ਬਾਅਦ ਮੇਰੇ 'ਤੇ ਕੋਈ ਦਬਾਅ ਨਹੀਂ ਹੈ। ਮੈਂ ਕ੍ਰਿਕੇਟਰ ਦੀ ਸੋਚ ਨਾਲ ਕੰਮ ਕਰਾਂਗਾ। ਗਾਂਗੁਲੀ ਨੇ 'ਏਬੀਪੀ ਨਿਊਜ਼' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਅਜਿਹਾ ਅਹੁਦਾ ਕਾਬਲੀਅਤ ਨਾਲ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸਭ ਦੀ ਸਹਾਇਤਾ ਨਾਲ ਬੀਸੀਸੀਆਈ ਦਾ ਪ੍ਰਧਾਨ ਬਣਿਆ ਹਾਂ ਤੇ ਮੈਂ ਸਭ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗਾ।