ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਆਲ ਇੰਡੀਆ ਹਿੰਦੂ ਮਹਾਂਸਭਾ ਦੇ ਰਾਸ਼ਟਰੀ ਉਪ ਪ੍ਰਧਾਨ ਪੰਡਿਤ ਅਸ਼ੋਕ ਸ਼ਰਮਾ ਨੇ ਵਿਜੇਦਸ਼ਮੀ ‘ਤੇ ਹਥਿਆਰਾਂ ਦੀ ਪੂਜਾ ਕਰਨ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਵਿਜੇਦਸ਼ਮੀ ਹੈ ਤੇ ਇਸ ਦਿਨ ਹਰ ਹਿੰਦੂ ਨੂੰ ਇੱਕ ਪ੍ਰਣ ਲੈਣਾ ਚਾਹੀਦਾ ਹੈ ਕਿ ਜੇ ਉਹ 100 ਰੁਪਏ ਕਮਾਉਂਦਾ ਹੈ, ਤਾਂ ਉਸ ਨੂੰ 20 ਰੁਪਏ ਦੇ ਹਥਿਆਰ ਖਰੀਦਣੇ ਚਾਹੀਦੇ ਹਨ।


ਹਿੰਦੂ ਮਹਾਂਸਭਾ ਦੇ ਕੌਮੀ ਉਪ ਪ੍ਰਧਾਨ ਪੰਡਿਤ ਅਸ਼ੋਕ ਸ਼ਰਮਾ ਨੇ ਕਿਹਾ ਕਿ ਸਾਰੇ ਹਿੰਦੂ ਦੇਵੀ ਦੇਵਤਿਆਂ ਕੋਲ ਹਥਿਆਰ ਹਨ। ਅਜਿਹੀ ਸਥਿਤੀ ਵਿੱਚ, ਹਰ ਹਿੰਦੂ ਨੂੰ ਸਵੈ-ਰੱਖਿਆ ਲਈ ਇੱਕ ਹਥਿਆਰ ਰੱਖਣਾ ਚਾਹੀਦਾ ਹੈ। ਫਿਰ ਭਾਵੇਂ ਇਹ ਤ੍ਰਿਸ਼ੂਲ, ਗਦਾ, ਡੰਡੇ ਹੀ ਹੋਣ। ਹਿੰਦੂ ਮਹਾਂਸਭਾ ਨੇ ਇਸ ਮੌਕੇ ਆਪਣੇ ਵਰਕਰਾਂ ਨੂੰ ਹਥਿਆਰ ਵੰਡਣ ਦਾ ਚਿੰਨ੍ਹ ਸਨਮਾਨ ਵਜੋਂ ਦਿੱਤਾ। ਇਸ ਦੇ ਨਾਲ ਹੀ ਮਹਾਂਸਭਾ ਦੇ ਸੂਬਾ ਬੁਲਾਰੇ ਅਭਿਸ਼ੇਕ ਅਗਰਵਾਲ ਨੇ ਕਿਹਾ ਕਿ ਧੀ ਭੈਣ ਦੀ ਸੁਰੱਖਿਆ ਲਈ ਹਥਿਆਰ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਧਰਮ ਗ੍ਰੰਥਾਂ ਦੀ ਰਾਖੀ ਲਈ ਹਥਿਆਰ ਉਠਾਉਣੇ ਜ਼ਰੂਰੀ ਹਨ।






ਇਸ ਦੇ ਨਾਲ ਹੀ ਅਸ਼ੋਕ ਸ਼ਰਮਾ ਨੇ ਬਾਗਪਤ ਵਿੱਚ ਲੰਬੀ ਦਾੜ੍ਹੀ ਰੱਖਣ ਤੋਂ ਬਾਅਦ ਵਿਵਾਦ ਵਿੱਚ ਆਏ ਦਰੋਗਾ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਕੱਟੜਵਾਦ ਦੇ ਬੀਜ ਬੀਜੇ ਜਾ ਰਹੇ ਹਨ। ਸ਼ਰਮਾ ਨੇ ਬਾਗਪਤ ਦੇ ਦਰੋਗਾ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਕਿਹਾ ਕਿ ਉਸਨੇ ਧਰਮ ਦੇ ਪ੍ਰਚਾਰ ਲਈ ਦਾੜ੍ਹੀ ਰੱਖੀ ਹੋਈ ਸੀ ਪਰ ਬਾਅਦ ਵਿਚ ਨੌਕਰੀ ਦੇ ਲਾਲਚ ਵਿਚ ਉਹ ਆਪਣਾ ਧਰਮ ਭੁੱਲ ਗਿਆ।ਪੰਡਿਤ ਅਸ਼ੋਕ ਸ਼ਰਮਾ ਨੇ ਕਿਹਾ ਕਿ ਜਦੋਂ ਉਸ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਤਾਂ ਉਸ ਨੇ ਇੱਕ ਦਮ ਦਾੜ੍ਹੀ ਕੱਟ ਦਿੱਤੀ।


ਉਨ੍ਹਾਂ ਕਿਹਾ ਕਿ ਜੇ ਦਰੋਗਾ ਧਰਮ ਪ੍ਰਤੀ ਦ੍ਰਿੜ ਸੀ ਤਾਂ ਉਸ ਨੂੰ ਦਾੜ੍ਹੀ ਨਹੀਂ ਕੱਟਣੀ ਚਾਹੀਦੀ ਸੀ। ਪੰਡਿਤ ਅਸ਼ੋਕ ਸ਼ਰਮਾ ਨੇ ਕਿਹਾ ਕਿ ਜਦੋਂ ਮਾਮਲਾ ਨੌਕਰੀ ‘ਤੇ ਆਇਆ ਤਾਂ ਕੱਟੜ ਦਰੋਗਾ ਡਰਦਾ ਹੋਇਆ ਭੱਜ ਗਿਆ। ਅਖਿਲ ਭਾਰਤ ਹਿੰਦੂ ਮਹਾਂਸਭਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਕੱਟੜਪੰਥੀ ਨੂੰ ਬਰਖਾਸਤ ਕੀਤਾ ਜਾਵੇ। ਇੱਥੇ ਇਹ ਦੱਸ ਦਈਏ ਕਿ ਦਾੜ੍ਹੀ ਕੱਟਣ ਤੋਂ ਬਾਅਦ ਉਸਨੂੰ ਫਿਰ ਨੌਕਰੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ।