ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਿਨੋ-ਦਿਨ ਭਿਆਨਕ ਹੁੰਦੀ ਜਾ ਰਹੀ ਹੈ। ਸੋਮਵਾਰ ਨੂੰ ਕੋਵਿਡ-19 ਦੇ 3,52,991 ਕੇਸ ਸਾਹਮਣੇ ਆਏ ਤੇ ਨਾਲ ਹੀ ਇੱਕ ਦਿਨ 'ਚ 2812 ਲੋਕਾਂ ਦੀਆਂ ਮੌਤਾਂ ਦਾ ਰਿਕਾਰਡ ਵੀ ਬਣ ਗਿਆ। ਕੋਰੋਨਾ ਕਾਰਨ ਹਾਲਾਤ ਬਹੁਤ ਖਰਾਬ ਹਨ। ਕੁਝ ਸ਼ਹਿਰਾਂ 'ਚ ਕੋਵਿਡ-19 ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ।
ਹਾਲਾਤ ਗੰਭੀਰ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਪਿਛਲੇ ਸਾਲ ਵਾਂਗ ਲੌਕਡਾਊਨ ਨਹੀਂ ਲਾਏਗੀ। ਕੇਂਦਰ ਸਰਕਾਰ ਨੇ ਹਾਲਾਤ ਮੁਤਾਬਕ ਕੋਈ ਵੀ ਫੈਸਲਾ ਲੈਣ ਦੇ ਅਧਿਕਾਰ ਇਸ ਵਾਰ ਸੂਬਾ ਸਰਕਾਰਾਂ ਨੂੰ ਦਿੱਤੇ ਹਨ। ਇਸ ਤਹਿਤ ਹੀ ਸੂਬਾ ਸਰਕਾਰਾਂ ਲੋੜ ਮੁਤਾਬਕ ਸਖਤੀ ਕਰ ਰਹੀਆਂ ਹਨ।
ਪੰਜਾਬ 'ਚ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤਕ ਕਰਫ਼ਿਊ
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤਕ ਨਾਈਟ ਕਰਫ਼ਿਊ ਦਾ ਐਲਾਨ ਕੀਤਾ। ਨਾਲ ਹੀ ਪੰਜਾਬ ਸਰਕਾਰ ਨੇ ਪਿੰਡਾਂ 'ਚ ਸ਼ਾਮ 5 ਵਜੇ ਤੋਂ ਬਾਅਦ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਨਾਈਟ ਕਰਫ਼ਿਊ ਦਾ ਸਮਾਂ 2 ਘੰਟੇ ਵਧਾ ਦਿੱਤਾ ਗਿਆ ਹੈ। ਹੁਣ ਰਾਤ 8 ਵਜੇ ਦੀ ਬਜਾਏ 6 ਵਜੇ ਹੀ ਕਰਫ਼ਿਊ ਲਾਗੂ ਹੋ ਜਾਵੇਗਾ।
ਕੇਰਲ ਨੇ ਸਖ਼ਤ ਪਾਬੰਦੀਆਂ ਲਾਈਆਂ
ਕੇਰਲ ਸਰਕਾਰ ਨੇ ਸੋਮਵਾਰ ਨੂੰ ਸਰਬ ਪਾਰਟੀ ਮੀਟਿੰਗ 'ਚ ਥੀਏਟਰ, ਮਾਲ, ਜਿੰਮ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ ਤੇ ਨਾਲ ਹੀ ਸੂਬੇ 'ਚ ਪੂਰਨ ਲੌਕਡਾਊਨ ਨਾ ਲਾਉਣ ਦਾ ਫ਼ੈਸਲਾ ਕੀਤਾ ਹੈ। ਕੇਰਲ 'ਚ ਹੁਣ ਦੁਕਾਨਾਂ ਸਿਰਫ਼ ਸ਼ਾਮ 7:30 ਵਜੇ ਤਕ ਹੀ ਖੋਲ੍ਹੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਆਂਧਰਾ ਪ੍ਰਦੇਸ਼ 'ਚ ਜਿੰਮ, ਸਵੀਮਿੰਗ ਪੂਲ, ਸਪੋਰਟਸ ਕੰਪਲੈਕਸ ਬੰਦ ਰਹਿਣਗੇ
ਆਂਧਰਾ ਪ੍ਰਦੇਸ਼ ਸਰਕਾਰ ਨੇ ਸੋਮਵਾਰ ਨੂੰ ਸੂਬੇ 'ਚ ਸਪੋਰਟਸ ਕੰਪਲੈਕਸ, ਜਿੰਮ, ਸਵੀਮਿੰਗ ਪੂਲ ਤੇ ਸਪਾ ਸੈਂਟਰਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਾਰੇ ਜਨਤਕ ਆਵਾਜਾਈ ਵਾਹਨ ਅਤੇ ਥੀਏਟਰ ਸਿਰਫ਼ 50 ਫ਼ੀਸਦੀ ਦੀ ਸਮਰੱਥਾ ਨਾਲ ਚਲਾਏ ਜਾਣਗੇ। ਕਿਸੇ ਵੀ ਮੀਟਿੰਗ 'ਚ 50 ਤੋਂ ਵੱਧ ਲੋਕ ਇਕੱਤਰ ਨਹੀਂ ਹੋਣਗੇ।
ਕਰਨਾਟਕ 'ਚ ਅੱਜ ਤੋਂ 14 ਦਿਨ ਦਾ ਲੌਕਡਾਊਨ
ਕਰਨਾਟਕ 'ਚ ਅੱਜ ਤੋਂ 14 ਦਿਨ ਦਾ ਮੁਕੰਮਲ ਲੌਕਡਾਊਨ ਰਹੇਗਾ। ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਇਹ ਲੌਕਡਾਊਨ ਮੰਗਲਵਾਰ ਰਾਤ 9 ਵਜੇ ਤੋਂ ਲਾਗੂ ਹੋਵੇਗਾ। ਇੱਥੇ ਪਿਛਲੇ 20 ਦਿਨਾਂ 'ਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ 'ਚ 6.5 ਗੁਣਾ ਦਾ ਵਾਧਾ ਦਰਜ ਕੀਤਾ ਗਿਆ ਹੈ।
ਲੌਕਡਾਊਨ ਦੌਰਾਨ ਲੋਕਾਂ ਨੂੰ ਸਵੇਰੇ 6 ਵਜੇ ਤੋਂ 10 ਵਜੇ ਤਕ ਜ਼ਰੂਰੀ ਸਮਾਨ ਦੀ ਖਰੀਦਦਾਰੀ ਕਰਨ ਦੀ ਮਨਜ਼ੂਰੀ ਹੋਵੇਗੀ। ਇਸ ਦੌਰਾਨ ਐਮਰਜੈਂਸੀ ਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰਿਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ 18 ਤੋਂ 45 ਸਾਲ ਦੇ ਲੋਕਾਂ ਨੂੰ ਮੁਫ਼ਤ ਟੀਕਾ ਮੁਹੱਈਆ ਕਰਵਾਉਣ ਦਾ ਐਲਾਨ ਵੀ ਕੀਤਾ।