ਲੁਧਿਆਣਾ: ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਲੁਧਿਆਣਾ ਪਹੁੰਚੇ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੁੱਦਿਆਂ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਮੰਤਰੀ ਸੱਤਾ ਦਾ ਸੁੱਖ ਭੋਗਣ ਤੋਂ ਬਾਅਦ ਹੁਣ ਬਗਾਵਤ ਕਰ ਰਹੇ ਹਨ ਤੇ ਕੈਪਟਨ ਨੂੰ ਗਲਤ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਖੁਦ ਮੰਤਰੀ ਰਹੇ ਓਦੋਂ ਉਨ੍ਹਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ। 

 

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨ ਜੋ ਵਿਰੋਧ ਕਰ ਰਹੇ ਹਨ ਉਨ੍ਹਾਂ ਦਾ ਅਧਿਕਾਰ ਹੈ ਪਰ ਭਾਜਪਾ ਪੰਜਾਬ 'ਚ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਅਸੀਂ ਨਸ਼ੇ ਦੇ ਵਿਰੁੱਧ ਪੰਜਾਬ 'ਚ ਮੁਹਿੰਮ ਚਲਾਵਾਂਗੇ। ਉਨ੍ਹਾਂ ਕਿਹਾ ਕਿ ਗੰਨਾ ਕਿਸਾਨਾਂ ਦਾ ਧਰਨਾ ਕਾਂਗਰਸ ਵਲੋਂ ਪਲੈਨ ਕੀਤਾ ਗਿਆ ਸੀ ਉਨ੍ਹਾਂ ਨੇ ਸਿਰਫ ਇਕ ਡਰਾਮਾ ਰਚਿਆ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੁੰਦੀ ਹੈ, ਪਰ ਕਿਸਾਨਾ ਦੇ ਨਾਂ ਤੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਆਪਣਾ ਖੇਡ ਖੇਡ ਰਹੀਆਂ ਹਨ। 

 

ਅਸ਼ਵਨੀ ਸ਼ਰਮਾ ਨੇ ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋਏ ਆਗੂਆਂ ਬਾਰੇ ਕਿਹਾ ਕਿ ਉਨ੍ਹਾਂ ਨੂੰ ਵਿਚਾਰਾਂ ਨਾਲੋਂ ਅਹੁਦੇ ਜ਼ਿਆਦਾ ਪਸੰਦ ਸੀ। ਉਨ੍ਹਾਂ ਕਿਹਾ ਕਿ ਹਰ ਕਿਸੇ ਦੀ ਮਰਜ਼ੀ ਹੈ ਉਹ ਜਿਥੇ ਮਰਜ਼ੀ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਆਪ 'ਚ ਸ਼ਮਿਲ ਹੋਣ ਤੇ ਕੇਜਰੀਵਾਲ ਅਤੇ ਸੇਵਾ ਸਿੰਘ ਸੇਖਵਾਂ 'ਤੇ ਤੰਝ ਕਸਦਿਆਂ ਕਿਹਾ ਕਿ 'ਆਪ' ਨੇ ਜਿਵੇਂ ਦਿੱਲੀ ਦੀ ਬਰਬਾਦੀ ਕੀਤੀ ਉਹ ਹਾਲ ਪੰਜਾਬ ਦਾ ਕਰਨਾ ਚਾਹੁੰਦੇ ਹਨ। 

 


ਬੀਤੇ ਦਿਨੀਂ ਜਲੰਧਰ ਪਹੁੰਚੇ ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਕਿਸਾਨਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਜਲੰਧਰ ਵਿਖੇ ਸਰਕਿਟ ਹਾਊਸ ’ਚ ਭਾਜਪਾ ਆਗੂਆਂ ਨਾਲ ਮੀਟਿੰਗ ਗਈ। 

 

ਇਸ ਦੌਰਾਨ ਜਲੰਧਰ ਪਹੁੰਚਣ ’ਤੇ ਅਸ਼ਵਨੀ ਸ਼ਰਮਾ ਨੂੰ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨ ਜਥੇਬੰਦੀਆਂ ਵੱਲੋਂ ਸਰਕਿਟ ਹਾਊਸ ਦੇ ਬਾਹਰ ਅਸ਼ਵਨੀ ਸ਼ਰਮਾ ਦਾ ਜੰਮ ਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਅਸ਼ਵਨੀ ਸ਼ਰਮਾ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ।  ਇਸੇ ਦੌਰਾਨ ਕਿਸਾਨਾਂ ਵੱਲੋਂ ਬੈਰੀਗੇਟ ਤੋੜ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ, ਪਰ ਭਾਰੀ ਪੁਲਿਸ ਫੋਰਸ ਦੇ ਤਾਇਨਾਤ ਹੋਣ ਦੇ ਚਲਦਿਆਂ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋਈ।