ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਵਿਖੇ ਦੱਸਿਆ ਕਿ ਉਹ ਕਿਹੜੀਆਂ ਪਾਰਟੀਆਂ ਨਾਲ ਗਠਜੋੜ ਕਰ ਸਕਦੇ ਹਨ। ਸੁਖਬੀਰ ਬਾਦਲ ਵੱਲੋਂ ਬਠਿੰਡਾ ਵਿਖੇ ਬੀਜੇਪੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸਿਰੋਪਾ ਪਾ ਪਾਰਟੀ 'ਚ ਸ਼ਾਮਲ ਕੀਤਾ ਗਿਆ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ 'ਆਪ', ਕਾਂਗਰਸ ਅਤੇ ਬੀਜੇਪੀ ਤੋਂ ਇਲਾਵਾ ਉਹ ਉਨ੍ਹਾਂ ਪਾਰਟੀਆਂ ਨਾਲ ਸਮਝੌਤਾ ਕਰਨਗੇ ਜੋ ਉਨ੍ਹਾਂ ਦੇ ਖ਼ਿਆਲਾਂ ਨਾਲ ਮੇਲ ਖਾਂਦੀਆਂ ਹਨ।
ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਾਂਗਰਸ ਦੇ ਸਾਰੇ ਵਿਧਾਇਕ ਸ਼ਰਾਬ ਮਾਫ਼ੀਆ ਨਾਲ ਮਿਲੇ ਹੋਏ ਹਨ। ਹਰਿਆਣਾ ਦੀ ਸ਼ਰਾਬ ਲੈ ਕੇ ਆਉਂਦੇ ਹਨ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਹਨ। ਬਾਦਲ ਨੇ ਕਿਹਾ ਕਿ ਪੰਜਾਬ ਹਰ ਇੱਕ ਪਾਸੇ ਤੋਂ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸੇ ਨਾ ਕਿਸੇ ਤਰ੍ਹਾਂ ਸੈੱਸ ਦੇ ਜ਼ਰੀਏ ਹੋਰ ਬਹੁਤ ਟੈਕਸ ਲਾਏ ਜਾ ਰਹੇ ਹਨ, ਹਰ ਇੱਕ ਪਾਸੇ ਡਰੱਗ ਮਾਫੀਆ ਫੈਲਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇ ਪੁਲਿਸ ਅਧਿਕਾਰੀ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਲਟਾ ਉਨ੍ਹਾਂ 'ਤੇ ਹੀ ਕਾਰਵਾਈ ਕੀਤੀ ਜਾਂਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਇਸ਼ਾਰਿਆਂ 'ਤੇ ਚੱਲ ਰਹੇ ਹਨ। ਹੁਣ ਡਾਇਰੈਕਸ਼ਨ ਰਾਹੁਲ ਗਾਂਧੀ ਤੋਂ ਨਹੀਂ ਬੀਜੇਪੀ ਪ੍ਰਧਾਨ ਤੋਂ ਲੈ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਹੁਣ ਕਾਂਗਰਸ ਦੇ ਚੀਫ ਮਨਿਸਟਰ ਨਹੀਂ ਸਗੋਂ ਬੀਜੇਪੀ ਦੇ ਹਨ। ਕਾਂਗਰਸ ਵਰਕਰਾਂ ਵੱਲੋਂ ਰਾਜਪਾਲ ਦੇ ਘਰ ਦਾ ਘਿਰਾਓ ਕਰਨ ਦੇ ਸਵਾਲ 'ਤੇ ਕਿਹਾ ਕਿ ਉਨ੍ਹਾਂ ਨੂੰ ਚਾਹੀਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ।