ਵਾਸ਼ਿੰਗਟਨ: ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ 20 ਜਨਵਰੀ ਨੂੰ ਸਹੁੰ ਚੁੱਕਣਗੇ। ਉਨ੍ਹਾਂ ਦੇ ਸੁੰਹ ਚੁੱਕ ਸਮਾਗਮ ਦੇ ਸੁਰੱਖਿਆ ਪ੍ਰਬੰਧਾਂ ਦੀ ਚੌਕਸੀ ਵਧਾ ਦਿੱਤੀ ਗਈ ਹੈ। ਡੋਨਲਡ ਟਰੰਪ ਦੇ ਸਮਰਥਕਾਂ ਦੁਆਰਾ ਹਿੰਸਾ ਦੇ ਡਰ ਦੇ ਮੱਦੇਨਜ਼ਰ ਰਾਜਧਾਨੀ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਬਾਈਡੇਨ ਦੇ ਸਹੁੰ ਚੁੱਕ ਸਮਾਰੋਹ 'ਚ ਹਾਲੀਵੁੱਡ ਦੇ ਦਿੱਗਜ ਕਲਾਕਾਰ ਪ੍ਰਫਾਰਮ ਕਰਦੇ ਦਿਖਾਈ ਦੇਣਗੇ। 20 ਜਨਵਰੀ ਨੂੰ ਮਸ਼ਹੂਰ ਪੌਪ ਗਾਇਕਾ ਲੇਡੀ ਗਾਗਾ ਅਤੇ ਜੈਨੀਫਰ ਲੋਪੇਜ਼ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਮਾਂ ਬੰਨ੍ਹਣਗੀਆਂ।
ਦੱਸ ਦਈਏ ਕਿ ਲੇਡੀ ਗਾਗਾ ਨੇ ਚੋਣ ਮੁਹਿੰਮ ਦੌਰਾਨ ਬਾਈਡੇਨ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਲੇਡੀ ਗਾਗਾ 20 ਜਨਵਰੀ ਨੂੰ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਰੋਹ ਵਿੱਚ ਰਾਸ਼ਟਰੀ ਗੀਤ ਗਾਏਗੀ। ਉਥੇ ਹੀ ਜੈਨੀਫਰ ਲੋਪੇਜ਼ ਇੱਕ ਵੱਖਰਾ ਮਿਊਜ਼ਿਕਲ ਪਰਫਾਰਮੈਂਸ ਦੇਵੇਗੀ। ਇਸ ਤੋਂ ਇਲਾਵਾ 'ਸੈਲੀਬਰੇਟਿੰਗ ਅਮਰੀਕਾ' ਨਾਮ ਦੇ 90 ਮਿੰਟ ਦੇ ਪ੍ਰਾਈਮ-ਟਾਈਮ ਪ੍ਰੋਗਰਾਮ 'ਚ ਅਮਰੀਕੀ ਸੰਗੀਤਕਾਰ ਜਾਨ ਬੌਨ ਜੋਵੀ, ਡੈਮੀ ਲੋਵਾਟੋ, ਜਸਟਿਨ ਟਿੰਬਰਲੇਕ ਅਤੇ ਐਂਟ ਕਲੇਮੰਸ ਵੀ ਪੇਸ਼ ਹੋਣਗੇ।
ਗਾਗਾ ਵਾਂਗ, ਲੋਪੇਜ਼ ਨੇ ਵੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਜੋਅ ਬਾਈਡੇਨ ਦਾ ਸਮਰਥਨ ਕੀਤਾ ਸੀ। ਦੂਜੇ ਪਾਸੇ ਕੈਪੀਟਲ ਹਿਲ ਹਿੰਸਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਸ਼ਿੰਗਟਨ ਵਿੱਚ ਸਾਰੇ ਵੱਡੇ ਕਾਰੋਬਾਰੀ ਕੇਂਦਰਾਂ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਖੁਫੀਆ ਏਜੰਸੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਟਰੰਪ ਦੇ ਸਮਰਥਕ 20 ਜਨਵਰੀ ਨੂੰ ਕਈ ਥਾਵਾਂ ‘ਤੇ ਹਿੰਸਾ ਫੈਲਾ ਸਕਦੇ ਹਨ। ਐਫਬੀਆਈ ਬਹੁਤ ਸਾਰੇ ਲੋਕਾਂ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਜਲਦੀ ਹੀ ਕੁਝ ਗ੍ਰਿਫਤਾਰੀਆਂ ਹੋ ਸਕਦੀਆਂ ਹਨ।