ਚੰਡੀਗੜ੍ਹ: ਜਿਵੇਂ ਇੱਕ ਵੱਡੇ ਰੁੱਖ ਦੀਆਂ ਜੜ੍ਹਾਂ ਸੁੱਕ ਜਾਣ ਤਾਂ ਉਸ ਨੂੰ ਡਿੱਗਣ 'ਚ ਦੇਰ ਨਹੀਂ ਲੱਗਦੀ, ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਵੀ ਉਸ ਰੁੱਖ ਵਰਗਾ ਹੋ ਗਿਆ ਹੈ। ਇਹ ਸ਼ਬਦ ਹਾਲ ਹੀ 'ਚ ਅਕਾਲੀ ਦਲ 'ਚੋਂ ਮੁਅੱਤਲ ਕੀਤੇ ਗਏ ਵਿਧਾਇਕ ਪਰਮਿੰਦਰ ਢੀਂਡਸਾ ਨੇ ਦਿੱਲੀ 'ਚ ਸਫ਼ਰ-ਏ-ਅਕਾਲੀ ਸਮਾਗਮ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਇਹ ਇੱਕ ਸੋਚ ਤੇ ਸਿਧਾਂਤ ਹੈ।

ਸ਼੍ਰੋਮਣੀ ਅਕਾਲੀ ਦਲ 'ਚੋਂ ਬਾਗ਼ੀ ਹੋ ਚੁੱਕੇ ਟਕਸਾਲੀ ਆਗੂਆਂ ਨੇ ਇਕੱਠੇ ਹੋ ਕੇ ਇੱਕ ਪਲੇਟਫਾਰਮ 'ਤੇ ਆਉਣ ਦਾ ਫ਼ੈਸਲਾ ਕੀਤਾ ਹੈ। ਇਸ 'ਚ ਉਹ ਸਾਰੇ ਆਗੂ ਸ਼ਾਮਲ ਕੀਤੇ ਜਾਣਗੇ, ਜੋ ਅਕਾਲੀ ਦਲ 'ਚ ਬਾਦਲਾਂ ਦੀ ਤਾਨਾਸ਼ਾਹੀ ਦੇ ਵਿਰੋਧ 'ਚ ਹਨ। ਮੀਟਿੰਗ 'ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸੂਬੇ ਦੇ ਹਰ ਜ਼ਿਲ੍ਹੇ 'ਚ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ।

ਬੈਠਕ 'ਚ ਸੁਖਦੇਵ ਢੀਂਡਸਾ, ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ, ਮਨਜੀਤ ਸਿੰਘ ਜੀਕੇ, ਡਾ. ਰਤਨ ਸਿੰਘ ਅਜਨਾਲਾ ਸ਼ਾਮਲ ਸਨ। ਉਨ੍ਹਾਂ ਦੱਸਿਆ ਇਹ ਸਾਰੇ ਆਗੂ ਐਸਜੀਪੀਸੀ ਚੋਣਾਂ ਦੀ ਤਿਆਰੀ 'ਚ ਜੁੜੇ ਹੋਏ ਹਨ।