ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਮਿਲਣ ਪੰਚਕੂਲਾ ਪਹੁੰਚੇ। ਸੁਨੀਲ ਜਾਖੜ ਨੇ ਨਵਜੋਤ ਸਿੱਧੂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਜਾਖੜ ਦੇ ਘਰ ਇੱਕ ਬਹੁਤ ਹੀ ਸੁਹਾਵਣਾ ਮਾਹੌਲ ਵੇਖਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵੀ ਨਵਜੋਤ ਸਿੱਧੂ ਨਾਲ ਮੌਜੂਦ ਸਨ। ਉਨ੍ਹਾਂ ਨਾਲ ਵਿਧਾਇਕ ਕੁਲਬੀਰ ਜ਼ੀਰਾ, ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਵੀ ਪਹੁੰਚੇ।
ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਸਮੁੱਚੀ ਕਾਂਗਰਸ ਤੇ ਪੂਰਾ ਪੰਜਾਬ ਨਵਜੋਤ ਸਿੱਧੂ ਵੱਲ ਵੇਖ ਰਿਹਾ ਹੈ। ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੋਂ ਉਪਰ ਉੱਠ ਕੇ ਪੂਰੀ ਕਾਂਗਰਸ ਨੂੰ ਇਕੱਠਾ ਕਰਕੇ, ਅਸੀਂ ਸਫਲਤਾ ਦੀਆਂ ਸਿਖਰਾਂ ਨੂੰ ਛੂਹਾਂਗੇ। ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਨੂੰ ਮਾਰਗ ਦਰਸ਼ਨ ਦੀ ਜ਼ਰੂਰਤ ਨਹੀਂ। ਅੱਜ ਪੂਰੀ ਦੁਨੀਆ ਉਨ੍ਹਾਂ ਵੱਲ ਦੇਖ ਰਹੀ ਹੈ। ਹਰ ਕੋਈ ਪਾਰਟੀ ਵਿੱਚ ਮਿਲ ਕੇ ਕੰਮ ਕਰੇਗਾ। ਕਿਸਾਨ ਅੱਜ ਦਿੱਲੀ ਦੇ ਬਾਹਰੀ ਹਿੱਸੇ 'ਤੇ ਬੈਠਾ ਹੈ ਤੇ ਕਿਸਾਨ ਦਾ ਬੇਟਾ ਚੀਨ ਤੇ ਪਾਕਿਸਤਾਨ ਦੀ ਸਰਹੱਦ 'ਤੇ ਬੈਠਾ ਹੈ। ਪੰਜਾਬ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਸਾਡੀ ਜਵਾਨੀ ਦੀਆਂ ਉਮੀਦਾਂ ਨਵਜੋਤ ਸਿੱਧੂ ਵੱਲ ਹਨ। ਸਿੱਧੂ ਹਰ ਕਿਸੇ ਦੀਆਂ ਉਮੀਦਾਂ 'ਤੇ ਖਰੇ ਉੱਤਰਨਗੇ।
ਇਸ ਤੋਂ ਪਹਿਲਾਂ ਨਵਜੋਤ ਸਿੱਧੂ ਪਟਿਆਲਾ ਤੋਂ ਚੱਲ ਕੇ ਅੱਜ ਮੁਹਾਲੀ ਪਹੁੰਚੇ। ਉੱਥੇ ਉਨ੍ਹਾਂ ਦੀ ਮੁਲਾਕਾਤ ਕੁਲਜੀਤ ਨਾਗਰਾ ਨਾਲ ਹੋਈ। ਇਸ ਸਮੇਂ, ਸਿੱਧੂ ਨੇ ਨਾਗਰਾ ਨਾਲ ਕੇਕ ਕੱਟ ਕੇ ਖੁਸ਼ੀ ਦੇ ਜਸ਼ਨ ਮਨਾਏ ਤੇ ਪਾਰਟੀ ਲਈ ਨਵੀਂ ਸ਼ੁਰੂਆਤ ਦਾ ਐਲਾਨ ਕੀਤਾ। ਕੁਲਜੀਤ ਨਾਗਰਾ ਨੇ ਕਿਹਾ ਕਿ ਪਾਰਟੀ ਨੇ ਨਵੀਂ ਜ਼ਿੰਮੇਵਾਰੀ ਦਿੱਤੀ ਹੈ। ਇਹ ਤਨਦੇਹੀ ਨਾਲ ਨਿਭਾਈ ਜਾਵੇਗੀ। ਪਾਰਟੀ ਦੁਆਰਾ ਲਏ ਗਏ ਇਸ ਫੈਸਲੇ ਨੇ ਵਰਕਰ ਦੀ ਆਵਾਜ਼ ਨੂੰ ਪਛਾਣਿਆ ਹੈ। ਪੰਜਾਬ ਲਈ ਵਧੀਆ ਹੀ ਕਰਣਗੇ।
ਇਸ ਸਮੇਂ ਸਾਰੇ ਆਗੂ ਪੰਜਾਬ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਨਵਜੋਤ ਸਿੱਧੂ ਦਾ ਸਵਾਗਤ ਕਰਨ ਲਈ ਕੁਲਜੀਤ ਨਾਗਰਾ ਦੇ ਘਰ ਪਹੁੰਚੇ ਸਨ। ਵਿਧਾਇਕ ਅਮਰਿੰਦਰ ਰਾਜਾ ਵੜਿੰਗ, ਸਤਵਿੰਦਰ ਬਿੱਟੀ, ਵਿਧਾਇਕ ਕੁਲਬੀਰ ਜੀਰਾ ਵੀ ਮੌਜੂਦ ਸਨ। ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਨਵੀਂ ਪੁਰਾਣੀ ਟੀਮ ਮਿਲ ਕੇ ਕੰਮ ਕਰੇਗੀ। ਜਲਦ ਕੈਪਟਨ ਤੇ ਨਵਜੋਤ ਸਿੱਧੂ ਦੀ ਮੁਲਾਕਾਤ ਵੀ ਹੋਵੇਗੀ।
ਕੁਲਬੀਰ ਜ਼ੀਰਾ ਨੇ ਕਿਹਾ ਕਿ ਸਾਨੂੰ ਉਮੀਦ ਮਿਲੀ ਹੈ ਕਿ ਅਸੀਂ ਦੁਬਾਰਾ ਵਿਧਾਇਕ ਬਣਾਂਗੇ ਤੇ ਪੰਜਾਬ ਵਿਚ ਫਿਰ ਤੋਂ ਕਾਂਗਰਸ ਦੀ ਸਰਕਾਰ ਬਣੇਗੀ। ਸਿਰਫ ਪੰਜਾਬ ਦੀ ਤਸਵੀਰ ਹੀ ਨਹੀਂ, ਬਲਕਿ ਕਿਸਮਤ ਵੀ ਬਦਲੇਗੀ। ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਵੀ ਸਾਡੇ ਹਨ, ਨਵਜੋਤ ਸਿੱਧੂ ਵੀ ਜਲਦੀ ਹੀ ਮੁੱਖ ਮੰਤਰੀ ਨੂੰ ਮਿਲਣਗੇ।