ਚੰਡੀਗੜ੍ਹ: ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਨੋਟਿਸ ਜਾਰੀ ਕਰਨ ਦੇ ਮਾਮਲੇ ਉੱਪਰ ਮੋਦੀ ਸਰਕਾਰ ਕਸੂਤੀ ਘਿਰ ਗਈ ਹੈ। ਸਰਕਾਰ ਦੀ ਇਸ ਕਾਰਵਾਈ ਦੀ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਅਲੋਚਨਾ ਹੋ ਰਹੀ ਹੈ। ਇਸ ਮਗਰੋਂ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਹੈ ਕਿ ਕਿਸੇ ਨਾਲ ਵੀ ਧੱਕਾ ਨਹੀਂ ਹੋਏਗਾ। ਸਰਕਾਰ ਇਸ ਮਾਮਲੇ ਨੂੰ ਵਿਚਾਰੇਗੀ।

ਉਧਰ, ਇੰਗਲੈਂਡ ਦੀ ਲੇਬਰ ਪਾਰਟੀ ਦੇ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਉਥੋਂ ਦੀ ਸੰਸਦ ਵਿੱਚ ਇਸ ਮੁੱਦੇ ਨੂੰ ਜ਼ੋਰਸ਼ੋਰ ਨਾਲ ਉਠਾਇਆ। ਢੇਸੀ ਨੇ ਮੰਗ ਕੀਤੀ ਕਿ ਐਨਆਈਏ ਵੱਲੋਂ ਭੇਜੇ ਨੋਟਿਸਾਂ ਦਾ ਮੁੱਦਾ ਇੰਗਲੈਂਡ ਦੀ ਸਰਕਾਰ ਭਾਰਤ ਸਰਕਾਰ ਕੋਲ ਉਠਾਏ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਮਾਮਲਾ ਹੈ।

ਸਰਕਾਰ ਨੂੰ ਕਿਸਾਨਾਂ ਤੋਂ ਦਿਖੀ ਉਮੀਦ, ਡੇਢ ਸਾਲ ਤੱਕ ਕਾਨੂੰਨ ਰੋਕਣ ਦੇ ਆਫਰ 'ਤੇ ਕਿਸਾਨ ਅੱਜ ਕਰਨਗੇ ਮੰਥਨ

ਉਨ੍ਹਾਂ ਸੰਸਦ ਵਿੱਚ ਬੋਲਦਿਆਂ ਕਿਹਾ ਕਿ ਭਾਰਤ ਵਿੱਚ ਕਿਸਾਨ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ ਤੇ ਜਦੋਂ ਉਹ 25 ਨਵੰਬਰ ਨੂੰ ਦਿੱਲੀ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਰੋਕਿਆ ਗਿਆ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਸਨ। ਇੰਗਲੈਂਡ ਦੇ ਵਿਦੇਸ਼ ਮੰਤਰੀ ਨੇ ਢੇਸੀ ਵੱਲੋਂ ਉਠਾਏ ਗਏ ਮੁੱਦੇ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦਸੰਬਰ ਵਿੱਚ ਆਪਣੇ ਹਮਰੁਤਬਾ ਕੇਂਦਰੀ ਮੰਤਰੀ ਜੈ ਸ਼ੰਕਰ ਨਾਲ ਮੀਟਿੰਗ ਕੀਤੀ ਸੀ ਉਦੋਂ ਕਿਸਾਨਾਂ ਦੇ ਅੰਦੋਲਨ ਬਾਰੇ ਚਰਚਾ ਕੀਤੀ ਸੀ।

ਦੱਸ ਦਈਏ ਕਿ ਤਨਮਨਜੀਤ ਸਿੰਘ ਢੇਸੀ ਦੇ ਯਤਨਾਂ ਸਦਕਾ 100 ਤੋਂ ਵੱਧ ਮੈਂਬਰ ਪਾਰਲੀਮੈਂਟ ਅਤੇ ਲਾਰਡਜ਼ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਪੱਤਰ ਲਿਖਿਆ ਸੀ। ਉਦੋਂ ਵੀ ਉਨ੍ਹਾਂ ਨੇ ਪੱਤਰ ਵਿੱਚ ਸ਼ਾਂਤਮਈ ਢੰਗ ਨਾਲ ਚੱਲ ਰਹੇ ਕਿਸਾਨ ਅੰਦੋਲਨ ’ਤੇ ਕੇਂਦਰ ਸਰਕਾਰ ਵੱਲੋਂ ਢਾਹੇ ਜਾ ਰਹੇ ਜ਼ੋਰ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਢੇਸੀ ਨੇ ਦੱਸਿਆ ਕਿ ਜਿਨ੍ਹਾਂ 100 ਐਮਪੀਜ਼ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਸੀ ਉਸ ਦਾ ਅਜੇ ਜਵਾਬ ਨਹੀਂ ਆਇਆ ਤੇ ਉਹ ਬੇਸਬਰੀ ਨਾਲ ਇਸ ਦੇ ਜਵਾਬ ਦੀ ਉਡੀਕ ਕਰ ਰਹੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ