ਤਾਮਿਲਨਾਡੂ ਦੇ ਨਾਗਾਪਤਿਨਮ ਦੇ ਕਾਲਜ 'ਚ ਪੜ੍ਹਨ ਵਾਲੀਆਂ ਚਾਰ ਲੜਕੀਆਂ ਨੂੰ ਕਾਲਜ ਨੇ ਉਸ ਸਮੇਂ ਬਰਖਾਸਤ ਕਰ ਦਿੱਤਾ ਹੈ ਜਦੋਂ ਉਹ ਆਪਣੇ ਦੋਸਤਾਂ ਨਾਲ ਸ਼ਰਾਬ ਪਾਰਟੀ 'ਚ ਸ਼ਾਮਲ ਹੋਈਆਂ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੜਕੀਆਂ ਨੇ ਸ਼ਰਾਬ ਵੀ ਪੀਤੀ ਸੀ।

ਇਹ ਘਟਨਾ 24 ਦਸੰਬਰ ਨੂੰ ਉਸ ਵੇਲੇ ਸਾਹਮਣੇ ਆਈ ਜਦੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਇਨ੍ਹਾਂ ਚਾਰਾਂ ਵਿੱਚੋਂ ਤਿੰਨ ਲੜਕੀਆਂ ਕਾਲਜ ਡ੍ਰੈੱਸ 'ਚ ਵੇਖੀਆਂ ਗਈਆਂ। ਇਸ ਪਾਰਟੀ 'ਚ ਸ਼ਾਮਲ ਹੋਏ ਲੜਕੇ ਜਨਮ ਦਿਨ ਵਾਲੀ ਲੜਕੀ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ।

ਇੱਕ ਲੜਕੀ ਬੀਏ ਦੀ ਅੰਗਰੇਜ਼ੀ ਦੀ ਵਿਦਿਆਰਥੀ ਹੈ ਜਦੋਂਕਿ ਬਾਕੀ ਲੜਕੀਆਂ ਬੀਬੀਏ ਦੂਜੇ ਸਾਲ 'ਚ ਪੜ੍ਹ ਰਹੀਆਂ ਹਨ। ਜਦੋਂ ਇਹ ਕਲਿੱਪ ਸਾਹਮਣੇ ਆਈ ਤਾਂ ਕਾਲਜ ਪ੍ਰਸ਼ਾਸਨ ਨੇ 26 ਦਸੰਬਰ ਨੂੰ ਮੀਟਿੰਗ ਸੱਦੀ। ਲੜਕੀਆਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਅਨੁਸ਼ਾਸ਼ਨਿਕ ਕਾਰਵਾਈ ਕੀਤੀ ਜਾਵੇ।

ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਜਿਸ ਘਰ 'ਚ ਪਾਰਟੀ ਹੋਈ ਸੀ, ਉਹ ਇੱਕ ਵਿਦਿਆਰਥੀ ਦਾ ਹੈ। ਵਿਦਿਆਰਥੀ ਦੇ ਪਰਿਵਾਰ ਨੂੰ ਇਸ ਪਾਰਟੀ ਬਾਰੇ ਪਤਾ ਨਹੀਂ ਸੀ। ਵੀਡੀਓ ਬਣਾਉਣ ਵਾਲੇ ਇੱਕ ਵਿਦਿਆਰਥੀ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਲੜਕੀਆਂ ਦੇ ਭਵਿੱਖ ਬਾਰੇ ਚਿੰਤਤ ਹਾਂ ਪਰ ਅਸੀਂ ਕਾਲਜ ਦੀ ਸਾਖ ਨੂੰ ਵੀ ਸੰਭਾਲਾਂਗੇ। ਇਹ ਨਹੀਂ ਹੋ ਸਕਦਾ ਕਿ ਦੂਸਰੇ ਵਿਦਿਆਰਥੀ ਵੀ ਇਨ੍ਹਾਂ ਲੋਕਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ।