ਨਵੀਂ ਦਿੱਲੀ: ਜੀਓ ਫਾਈਬਰ ਦੀ ਸ਼ੁਰੂਆਤ ਨਾਲ ਨਾ ਸਿਰਫ ਇੰਟਰਨੈੱਟ ਕੰਪਨੀਆਂ, ਬਲਕਿ ਡੀਟੀਐਚ ਸੇਵਾ ਦੇਣ ਵਾਲਿਆਂ ਦੀ ਵੀ ਚਿੰਤਾ ਵਧ ਗਈ ਹੈ। ਬਾਜ਼ਾਰ ਵਿੱਚ ਬਣੇ ਰਹਿਣ ਲਈ ਟਾਟਾ ਸਕਾਈ ਵਰਗੇ ਵੱਡੇ ਡੀਟੀਐਚ ਪ੍ਰੋਵਾਈਡਰ ਨੇ ਆਪਣੇ ਉਪਭੋਗਤਾਵਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਟਾਟਾ ਸਕਾਈ ਨੇ ਆਪਣੇ ਮਾਸਿਕ ਪੈਕਾਂ ਵਿੱਚ ਨੈਟਵਰਕ ਕਪੈਸਿਟੀ ਫੀਸ ਘਟਾ ਦਿੱਤੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਾਟਾ ਸਕਾਈ ਨੇ ਆਪਣੀ ਨੈਟਵਰਕ ਫੀਸ ਵਿੱਚ 300 ਰੁਪਏ ਤਕ ਦੀ ਕਮੀ ਕੀਤੀ ਹੈ।
ਸਿਰਫ ਇਹ ਹੀ ਨਹੀਂ, ਟਾਟਾ ਸਕਾਈ ਦੁਆਰਾ ਕੀਤੀ ਗਈ ਕਟੌਤੀ ਟਰਾਈ ਦੁਆਰਾ ਲਾਗੂ ਕੀਤੀਆਂ ਗਈਆਂ ਨਵੀਆਂ ਸ਼ਰਤਾਂ 'ਤੇ ਵੀ ਕੰਮ ਕਰੇਗੀ। ਇਸ ਕਟੌਤੀ ਦੀ ਵਜ੍ਹਾ ਨਾਲ ਉਪਭੋਗਤਾ ਨੈਟਵਰਕ ਕਪੈਸਿਟੀ ਫੀਸਾਂ ਵਿੱਚ ਸਿੱਧਾ ਫਾਇਦਾ ਲੈਣਗੇ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਉਪਭੋਗਤਾਵਾਂ ਨੂੰ ਪਹਿਲਾਂ ਨਾਲੋਂ ਬਹੁਤ ਘੱਟ ਨੈੱਟਵਰਕ ਕਪੈਸਿਟੀ ਫੀਸ ਦੇਣੀ ਪਏਗੀ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਕੰਪਨੀ ਜਲਦ ਹੀ ਸਪੈਸ਼ਲ ਪੈਕਸ ਲਿਆਉਣ ਵਾਲੀ ਹੈ।
ਹਾਲਾਂਕਿ ਇਸ ਕਟੌਤੀ ਦਾ ਲਾਭ ਲੈਣ ਲਈ ਉਪਭੋਗਤਾਵਾਂ ਲਈ ਕੁਝ ਸ਼ਰਤਾਂ ਵੀ ਲਾਗੂ ਹਨ। ਟਾਟਾ ਸਕਾਈ ਦੇ ਗਾਹਕਾਂ ਨੂੰ ਕੁਝ ਟੀਵੀ ਚੈਨਲਾਂ ਦੀ ਸਬਸਕ੍ਰਿਪਸ਼ਨ ਜ਼ਰੂਰ ਲੈਣੀ ਪਏਗੀ। ਉਦਾਹਰਣ ਵਜੋਂ, ਜੇ ਉਪਭੋਗਤਾ ਨੇ 40HD ਤੇ 100SD ਚੈਨਲਾਂ ਦੀ ਸਬਸਕ੍ਰਿਪਸ਼ਨ ਲਈ ਹੈ ਤਾਂ ਉਸ ਨੂੰ 245 ਰੁਪਏ ਦੀ ਨੈਟਵਰਕ ਕਪੈਸਿਟੀ ਫੀਸ ਦੇਣੀ ਪੈਂਦੀ ਸੀ, ਹੁਣ ਕੰਪਨੀ ਨੇ ਇਸ ਨੂੰ ਕੱਟਦੇ ਹੋਏ ਨੈਟਵਰਕ ਕਪੈਸਿਟੀ ਫੀਸ ਨੂੰ 99 ਰੁਪਏ ਤੱਕ ਸੀਮਤ ਕਰ ਦਿੱਤਾ ਹੈ।