ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੱਧ ਵਰਗੀ ਪਰਿਵਾਰਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੇ ਆਪਣਾ ਘਰ ਖਰੀਦਣ ਲਈ ਕਰਜ਼ਾ ਲੈਣਾ ਹੈ। ਵਿੱਤੀ ਵਰ੍ਹੇ 2019-20 ਲਈ ਪੇਸ਼ ਹੋਏ ਬਜਟ ਵਿੱਚ ਹਾਊਸਿੰਗ ਲੋਨ ਦੇ ਵਿਆਜ 'ਤੇ ਮਿਲਣ ਵਾਲੀ ਹੱਦ ਨੂੰ ਵਧਾ ਦਿੱਤਾ ਗਿਆ ਹੈ।

ਹੁਣ ਤਕ ਇਹ ਹੱਦ ਦੋ ਲੱਖ ਰੁਪਏ ਸੀ, ਜਿਸ ਨੂੰ ਵਧਾ ਕੇ ਸਾਢੇ ਤਿੰਨ ਲੱਖ ਰੁਪਏ ਕਰ ਦਿੱਤੀ ਗਈ ਹੈ ਜਿਸ ਕਾਰਨ ਮੱਧ ਵਰਗ ਨੂੰ ਫਾਇਦਾ ਮਿਲੇਗਾ। ਸਰਕਾਰ ਦੀ ਇਸ ਪਹਿਲ ਦਾ ਮਕਸਦ ਬਦਹਾਲੀ 'ਚੋਂ ਗੁਜ਼ਰ ਰਹੇ ਰਿਅਲ ਅਸਟੇਟ ਤੇ ਹਾਊਸਿੰਗ ਸੈਕਟਰ ਨੂੰ ਲੀਂਹ 'ਤੇ ਲਿਆਉਣਾ ਵੀ ਹੈ। ਇਸ ਨਾਲ ਉਨ੍ਹਾਂ ਲੱਖਾਂ ਲੋਕਾਂ ਨੂੰ ਉਤਸ਼ਾਹ ਮਿਲੇਗਾ ਜੋ ਘਰ ਖਰੀਦਣ ਦੀ ਇੱਛਾ ਰੱਖਦੇ ਹਨ।

ਇਸ ਤੋਂ ਇਲਾਵਾ ਸਰਕਾਰ ਨੇ 45 ਲੱਖ ਤਕ ਦਾ ਘਰ ਖਰੀਦਣ 'ਤੇ 1.5 ਲੱਖ ਦੀ ਵਾਧੂ ਛੋਟ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਹੱਲਾਸ਼ੇਰੀ ਦੇਣ ਦਾ ਵਾਅਦਾ ਵੀ ਕੀਤਾ। ਨਿਰਮਲਾ ਨੇ ਐਲਾਨ ਕੀਤਾ ਹੈ ਕਿ ਸਾਲ 2022 ਤਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਾਰਿਆਂ ਨੂੰ ਘਰ ਦਿੱਤਾ ਜਾਵੇਗਾ।