ਪੂਰਬੀ ਰੋਮਾਨੀਆ ਦੀ ਮਾੱਡਲ ਤੇ ਕਈ ਸੁੰਦਰਤਾ ਮੁਕਾਬਲਿਆਂ ਦੀ ਜੇਤੂ ਨੇ ਆਪਣੇ ਅਸਤੀਫ਼ੇ ਬਾਰੇ ਅਜੀਬ ਖ਼ੁਲਾਸਾ ਕੀਤਾ ਹੈ।  27 ਸਾਲਾ ਕਲੌਡੀਆ ਅਰਦੇਲੇਨ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਹਸਪਤਾਲ ਦੀ ਨੌਕਰੀ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ। ਇਸ ਦੇ ਪਿੱਛੇ ਕਾਰਨ ਉਸ ਦਾ ‘ਬਹੁਤ ਸੁੰਦਰ ਹੋਣਾ’ ਬਣਿਆ।


 


ਪਿਛਲੇ ਹਫ਼ਤੇ ਉਸ ਨੂੰ ਹਸਪਤਾਲ ਦੇ ਬੋਰਡ ਵਿੱਚ ਬਿਨਾ ਤਨਖ਼ਾਹ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਅਰਦੇਲੇਨ ਨੇ ਕਾਨੂੰਨ ਤੇ ਯੂਰਪੀਅਨ ਨੀਤੀ ਸ਼ਾਸਤਰ ਵਿੱਚ ਦੋ ਡਿਗਰੀਆਂ ਹਾਸਲ ਕੀਤੀਆਂ ਹਨ। ਉਸ ਨੇ ਆਪਣੀ ਸਫ਼ਲਤਾ ਨੂੰ ਯਾਦ ਕਰਨ ਲਈ ਸੋਸ਼ਲ ਮੀਡੀਆ ਉੱਤੇ ਤਸਵੀਰ ਪੋਸਟ ਕਰ ਕੇ ਲਿਖਿਆ, ਮੈਂ ਕਲੂਜ਼ ਨੈਸ਼ਨਲ ਲਿਬਰਲ ਪਾਰਟੀ ਦੇ ਸਮਰਥਨ ਤੇ ਭਰੋਸੇ ਲਈ ਸ਼ੁਕਰਗੁਜ਼ਾਰ ਹਾਂ।



ਅਰਦੇਲੇਨ ਨੂੰ ਨੌਕਰੀ 8 ਫ਼ਰਵਰੀ ਨੂੰ ਮਿਲੀ ਸੀ ਤੇ ਉਸ ਨੇ ਉਸੇ ਦਿਨ ਪੋਸਟ ਸ਼ੇਅਰ ਕੀਤੀ ਪਰ ਛੇਤੀ ਹੀ ਉਸ ਨੂੰ ਉਹ ਪੋਸਟ ਹਟਾਉਣ ਲਈ ਮਜਬੂਰ ਹੋਣਾ ਪਿਆ। ਕਈ ਯੂਜ਼ਰਜ਼ ਨੇ ਟਿੱਪਣੀ ਕੀਤੀ ਸੀ ਕਿ ਇਹ ਨੌਕਰੀ ਉਸ ਦੀ ਕਾਬਲੀਅਤ ਕਰਕੇ ਨਹੀਂ, ਸਗੋਂ ਉਸ ਦੇ ਦਿਲਕਸ਼ ਚਿਹਰੇ ਕਰਕੇ ਮਿਲੀ ਹੈ।



ਬੋਰਡ ਆਫ਼ ਡਾਇਰੈਕਟਰਜ਼ ਨੇ ਤੁਰੰਤ ਅਰਦੇਲੇਨ ਤੋਂ ਅਸਤੀਫ਼ਾ ਮੰਗਿਆ ਤੇ ਫਿਰ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਪਰ ਉਸ ਨੇ ਬਾਅਦ ’ਚ ਇਹੋ ਦਾਅਵਾ ਕੀਤਾ ਕਿ ਉਸ ਕੋਲ ਜ਼ਰੂਰੀ ਮੁਹਾਰਤ ਤੇ ਸਿੱਖਿਆ ਹੈ।



ਉਸ ਨੇ ਕਿਹਾ ਕਿ ਉਹ ਨੋਟਰੀ ਦਫ਼ਤਰ ਦੀ ਵਕੀਲ ਹੈ ਤੇ ਉਸ ਕੋਲ ਦੋਹਰੀ ਡਿਗਰੀ ਹੈ। ਉਸ ਕੋਲ ਹੋਸਟੈਸ ਦੀ ਏਜੰਸੀ ਤੇ ਈਵੈਂਟ ਮੈਨੇਜਮੈਂਟ ਕੰਪਨੀ ਹੈ।