ਵੁਹਾਨ: ਚੀਨ ਦੇ ਵੁਹਾਨ ਸ਼ਹਿਰ ਜਿਥੋਂ ਕੋਰੋਨਾਵਾਇਰਸ ਦੇ ਸੰਕਰਮਣ ਦੀ ਸ਼ੁਰੂਆਤ ਹੋਈ। ਹੁਣ ਉੱਥੇ ਦੇ ਹਸਪਤਾਲਾਂ ‘ਚ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਜ਼ੀਰੋ ਹੋ ਗਈ ਹੈ। ਚੀਨ ਦੇ ਸਿਹਤ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵੁਹਾਨ ‘ਚ 8 ਅਪਰੈਲ ਨੂੰ ਲੌਕਡਾਊਨ ਖੋਲ੍ਹ ਦਿੱਤਾ ਗਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ਹਿਰ ‘ਚ 76 ਦਿਨ ਤਕ ਲੌਕਡਾਊਨ ਰਿਹਾ।


ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਬੁਲਾਰੇ, ਸ੍ਰੀ ਫੈਂਗ ਨੇ ਬੀਜਿੰਗ ‘ਚ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਇਹ ਟੀਚਾ ਮੈਡੀਕਲ ਵਰਕਰਾਂ ਤੇ ਲੋਕਾਂ ਦੀ ਸਖ਼ਤ ਮਿਹਨਤ ਸਦਕਾ ਹੋਇਆ ਹੈ। ਸਿਨਹੂਆ ਦੀ ਰਿਪੋਰਟ ਮੁਤਾਬਕ, ਵੁਹਾਨ ਵਿੱਚ ਦਾਖਲ ਆਖਰੀ ਕੋਰੋਨਾਵਾਇਰਸ ਮਰੀਜ਼ ਸ਼ੁੱਕਰਵਾਰ ਨੂੰ ਠੀਕ ਹੋ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਹੁਣ ਹੁਬੇਬੀ ਪ੍ਰਾਂਤ ਵਿੱਚ 50 ਤੋਂ ਵੀ ਘੱਟ ਲੋਕ ਸੰਕਰਮਿਤ ਰਹਿ ਗਏ ਹਨ। ਪਿਛਲੇ 20 ਦਿਨਾਂ ‘ਚ ਇੱਥੇ ਸੰਕਰਮਣ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਚੀਨ ‘ਚ ਪਿਛਲੇ 24 ਘੰਟਿਆਂ ਵਿੱਚ 11 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਪੰਜ ਕੇਸ ਬਾਹਰੋਂ ਸੀ, ਜਦੋਂ ਕਿ ਬਾਕੀ 6 ਸਥਾਨਕ ਟ੍ਰਾਂਸਮਿਸ਼ਨ ਦੇ ਸੀ।

ਚੀਨ ‘ਚ ਪਿਛਲੇ 11 ਦਿਨਾਂ ਤੋਂ ਇੱਕ ਵੀ ਮੌਤ ਦਰਜ ਨਹੀਂ ਕੀਤੀ ਗਈ ਹੈ। ਚੀਨ ‘ਚ ਹੁਣ ਤੱਕ ਕੁਲ 82 ਹਜ਼ਾਰ 827 ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨਾਲ 4 ਹਜ਼ਾਰ 632 ਲੋਕਾਂ ਦੀ ਮੌਤ ਵੀ ਹੋ ਗਈ ਹੈ।