ਨਵੀਂ ਦਿੱਲੀ: ਕਿਸਾਨ ਅੰਦੋਲਨ ਨੇ ਦੇਸ਼ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਹੁਣ ਤੱਕ ਠੰਢੀਆਂ ਪਈਆਂ ਵਿਰੋਧੀ ਧਿਰਾਂ ਵੀ ਕਮਰ ਕੱਸਣ ਲੱਗੀਆਂ ਹਨ। ਭਾਰਤ ਬੰਦ ਮਗਰੋਂ ਵਿਰੋਧੀ ਧਿਰਾਂ ਦੇ ਸਿਆਸੀ ਲੀਡਰ ਸਰਗਰਮ ਹੋ ਗਏ ਹਨ। ਹੁਣ ਉਹ ਬੀਜੇਪੀ ਨੂੰ ਟੱਕਰ ਦੇਣ ਲਈ ਰਣਨੀਤੀ ਬਣਾਉਣ ਲੱਗੇ ਹਨ। ਇਸੇ ਤਹਿਤ ਵਿਰੋਧੀ ਧਿਰਾਂ ਦੀ ਸਿਆਸਤ ਨਵਾਂ ਮੋੜ ਲੈਂਦੀ ਵਿਖਾਈ ਦੇ ਰਹੀ ਹੈ।


ਚਰਚਾ ਹੈ ਕਿ ਇਸ ਵਾਰ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਸ਼ਰਦ ਪਵਾਰ ਕੇਂਦਰ ਬਿੰਦੂ ਹਨ। ਰਾਸ਼ਟਰਪਤੀ ਨੂੰ ਮਿਲ ਕੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਪੂਰੀ ਰਣਨੀਤੀ ਸ਼ਰਦ ਪਵਾਰ ਤੇ ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਬਣਾਈ ਸੀ। ਇਸ ਲਈ ਕਈ ਗੇੜਾਂ ਦੀਆਂ ਮੁਲਾਕਾਤਾਂ ਸ਼ਰਦ ਪਵਾਰ ਦੇ ਘਰ ’ਚ ਹੋਈਆਂ। ਇਸੇ ਲਈ ਸਿਆਸੀ ਹਲਕਿਆਂ ਵਿੱਚ ਇਸ ਵੇਲੇ ਇਹ ਚਰਚਾ ਭਖੀ ਹੋਈ ਹੈ ਕਿ ਕੀ ਸ਼ਰਦ ਪਵਾਰ ਕੇਂਦਰ ਵਿੱਚ ਵਿਰੋਧੀ ਧਿਰ ਦੀ ਅਗਵਾਈ ਕਰਨ ਦੀ ਭੂਮਿਕਾ ’ਚ ਆ ਰਹੇ ਹਨ। ਸਾਲਾਂ ਬੱਧੀ ਤੋਂ ਸ਼ਰਦ ਪਵਾਰ ਦੇ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਨੂੰ ਲੈ ਕੇ ਵੀ ਸਿਆਸੀ ਚਰਚਾ ਹੁੰਦੀ ਰਹੀ ਹੈ।




ਚਰਚਾ ਹੈ ਕਿ ਆਉਂਦੇ ਸਮੇਂ ਵਿਰੋਧੀ ਧਿਰਾਂ ਦਾ ਗੱਠਜੋੜ ਬਣਨ ਜਾ ਰਿਹਾ ਹੈ। ਇਸ ਵਿੱਚ ਖੇਤਰੀ ਤੇ ਕੌਮੀ ਪਾਰਟੀਆਂ ਨੂੰ ਇਕੱਠਾ ਕੀਤਾ ਜਾਏਗਾ। ਵਿਰੋਧੀ ਧਿਰਾਂ ਕਿਸਾਨ ਅੰਦੋਲਨ ਕਰਕੇ ਦੇਸ਼ ਵਿੱਚ ਬਣੇ ਮਾਹੌਲ ਨੂੰ ਸਿਆਸੀ ਮੰਚ ਤੋਂ ਵਰਤਣਾ ਚਾਹੁੰਦੀਆਂ ਹਨ। ਕਿਸਾਨ ਅੰਦੋਲਨ ਸਿਰਫ ਤੇ ਸਿਰਫ ਮੋਦੀ ਸਰਕਾਰ ਖਿਲਾਫ ਕੇਂਦਰਿਤ ਹੈ। ਇਸ ਲਈ ਕਿਸਾਨਾਂ ਦੇ ਗੁੱਸੇ ਦਾ ਸਿਆਸੀ ਧਿਰਾਂ ਲਾਹਾ ਲੈਣਾ ਚਾਹੁੰਦੀਆਂ ਹਨ।


ਏਬੀਪੀ ਨਿਊਜ਼’ ਨੂੰ ਸੂਤਰਾਂ ਤੋਂ’ ਮਿਲੀ ਜਾਣਕਾਰੀ ਮੁਤਾਬਕ ਪਿੱਛੇ ਜਿਹੇ ਖ਼ੁਦ ਕਾਂਗਰਸ ਦੇ ਇੱਕ ਵੱਡੇ ਆਗੂ ਨੇ ਸ਼ਰਦ ਪਵਾਰ ਨੂੰ ਰਾਸ਼ਟਰੀ ਪੱਧਰ ਉੱਤੇ ਮਹਾਰਾਸ਼ਟਰ ਦੀ ਤਰਜ਼ ’ਤੇ ਵਿਰੋਧੀ ਧਿਰ ਦਾ ਗੱਠਜੋੜ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ। ਕਾਂਗਰਸ ਦੇ ਇਸ ਮੁੱਖ ਆਗੂ ਨੇ ਸ਼ਰਦ ਪਵਾਰ ਨੂੰ ਇਹ ਵੀ ਦੱਸਿਆ ਸੀ ਕਿ ਪਿੱਛੇ ਜਿਹੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਜਦੋਂ ਵਿਰੋਧੀ ਧਿਰ ਦਾ ਨਵਾਂ ਮੋਰਚਾ ਬਣਾਉਣ ਬਾਰੇ ਗੱਲ ਹੋਈ, ਤਦ ਸੋਨੀਆ ਗਾਂਧੀ ਨੇ ਵੀ ਕਿਹਾ ਸੀ ਕਿ ਕਾਂਗਰਸ ਹਾਲੇ ਮੁਸ਼ਕਿਲ ਦੌਰ ’ਚੋਂ ਲੰਘ ਰਹੀ ਹੈ ਤੇ ਇਹ ਕੰਮ ਸ਼ਰਦ ਪਵਾਰ ਹੀ ਕਰ ਸਕਦੇ ਹਨ। ਇਸ ਤੋਂ ਬਾਅਦ ਹੀ ਸ਼ਰਦ ਪਵਾਰ ਸਰਗਰਮ ਹੋਏ ਤੇ ਵਿਰੋਧੀ ਧਿਰ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਰਾਸ਼ਟਰਪਤੀ ਨੂੰ ਮਿਲਣ ਦਾ ਪ੍ਰੋਗਰਾਮ ਤਿਆਰ ਕੀਤਾ ਗਿਆ।