ਅੰਮ੍ਰਿਤਸਰ: ਕੋਰੋਨਾਵਾਇਰਸ ਜਿਹੀ ਭਿਆਨਕ ਬਿਮਾਰ ਨੇ ਤਾਂ ਆਪਣੇ ਵੀ ਬੇਗਾਨੇ ਕਰ ਦਿੱਤੇ। ਲਗਾਤਾਰ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਕੋਰੋਨਾ ਕਾਰਨ ਮਰਨ ਵਾਲਿਆਂ ਦੇ ਪਰਿਵਾਰ ਵਾਲੇ ਉਨ੍ਹਾਂ ਦੀ ਮ੍ਰਿਤਕ ਦੇਹ ਲੈ ਕੇ ਸੰਸਕਾਰ ਕਰਨ ਤੱਕ ਨੂੰ ਰਾਜ਼ੀ ਨਹੀਂ ਹਨ। ਹੁਣ ਕੋਰੋਨਾ ਪ੍ਰਭਾਵਿਤ ਨਗਰ ਨਿਗਮ ਦੇ ਸੇਵਾਮੁਕਤ ਅਧਿਕਾਰੀ ਜਸਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੇਰੇ 9 ਵਜੇ ਦੇ ਕਰੀਬ ਸ਼ਹੀਦਾਂ ਸਾਹਿਬ ਨੇੜੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।


ਪ੍ਰਸ਼ਾਸਨ ਨੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮ੍ਰਿਤਕ ਦੇਹ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਐਸ.ਡੀ.ਐਮ ਨੇ ਪਟਵਾਰੀਆਂ ਦੀ ਦੇਖ ਰੇਖ ਹੇਠ ਰਸਮ ਨਿਭਾਈ। ਪਟਵਾਰੀਆਂ ਅਤੇ ਨਿਗਮ ਕਰਮਚਾਰੀਆਂ ਨੇ ਮ੍ਰਿਤਕ ਦੇਹ ਨੂੰ ਮੋਢਾ ਦੇਣ ਦੀ ਰਸਮ ਸਮੇਤ ਸਾਰੀ ਜ਼ਿੰਮੇਵਾਰੀ ਨਿਭਾਈ । ਗੌਰਤਲਬ ਹੈ ਕਿ ਰਿਟਾਇਰਡ ਕੋਰੋਨਾ ਤੋਂ ਪ੍ਰਭਾਵਿਤ ਅਧਿਕਾਰੀ ਦੀ ਸੋਮਵਾਰ ਤੜਕੇ 3.30 ਵਜੇ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕ ਦੀ ਪਤਨੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਨੇ ਉਸ ਨਾਲ ਸੰਪਰਕ ਨਹੀਂ ਕੀਤਾ।

ਦਸ ਦਈਏ ਕਿ ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਇੱਕ ਔਰਤ ਦਾ ਸਸਕਾਰ ਲੁਧਿਆਣਾ ਵਿੱਚ ਅਧਿਕਾਰੀਆਂ ਨੇ ਕੀਤਾ ਕਿਉਂਕਿ ਪਰਿਵਾਰ ਨੇ ਵਾਇਰਸ ਦੇ ਸੰਕਰਮਣ ਦੇ ਡਰੋਂ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇੱਕ ਹੋਰ ਕੇਸ ਵਿੱਚ, ਸਸਕਾਰ ਮਾਲ ਸਟਾਫ ਵੱਲੋਂ ਕੀਤਾ ਗਿਆ ਸੀ ਕਿਉਂਕਿ ਪੂਰਾ ਪਰਿਵਾਰ ਅਲੱਗ-ਥਲੱਗ ਸੀ। ਪਿਛਲੇ ਹਫ਼ਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਤੀਜੀ ਘਟਨਾ ਵਿੱਚ, ਲੋਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਸਸਕਾਰ ਕਰਨ ਲਈ ਪਿੰਡ ਵਿੱਚ ਜਗ੍ਹਾ ਨਹੀਂ ਦਿੱਤੀ।