ਨਵੀਂ ਦਿੱਲੀ: ਸਾਲ 2025 ਤੱਕ ਭਾਰਤ ’ਚ ਬਹੁਤ ਜ਼ਿਆਦਾ ਅਮੀਰਾਂ ਦੀ ਗਿਣਤੀ 63 ਫ਼ੀਸਦੀ ਵਧ ਕੇ 11,198 ਹੋ ਸਕਦੀ ਹੈ। ਸਮੁੱਚੇ ਵਿਸ਼ਵ ’ਚ ਬੇਹੱਦ ਅਮੀਰਾਂ ਦੀ ਗਿਣਤੀ 2020 ਤੋਂ ਲੈ ਕੇ 2025 ਦੌਰਾਨ 20 ਫ਼ੀਸਦੀ ਵਧ ਕੇ 6,63,483 ਹੋ ਸਕਦੀ ਹੈ। ਇਸ ਮਾਮਲੇ ’ਚ ਭਾਰਤ ਸਮੁੱਚੇ ਵਿਸ਼ਵ ਵਿੱਚ ਤੇਜ਼ੀ ਨਾਲ ਵਧਣ ਵਾਲਾ ਦੂਜਾ ਦੇਸ਼ ਹੋਵੇਗਾ।


 


ਜੇ ਤੁਹਾਡੇ ਕੋਲ ਸਾਰੀਆਂ ਦੇਣਦਾਰੀਆਂ ਦੇ ਕੇ 44 ਲੱਖ ਰੁਪਏ ਦੀ ਕੁੱਲ ਸੰਪਤੀ ਹੈ, ਤਾਂ ਤੁਸੀਂ ਦੇਸ਼ ਦੇ ਇੱਕ ਫ਼ੀਸਦੀ ਅਮੀਰਾਂ ਵਿੱਚ ਸ਼ਾਮਲ ਹੋ। ਪ੍ਰਾਪਰਟੀ ਕੰਸਲਟੈਂਸੀ ਫ਼ਰਮ ‘ਨਾਈਟ ਫ਼੍ਰੈਂਕ’ ਦੀ ‘ਵੈਲਥ ਰਿਪੋਰਟ 2021’ ’ਚ ਭਾਰਤ ਵਾਂਗ ਇੰਡੋਨੇਸ਼ੀਆ ਤੇ ਫ਼ਿਲੀਪੀਨਜ਼ ਵਿੱਚ ਵੀ ਇੱਕ ਫ਼ੀਸਦੀ ਸਭ ਤੋਂ ਅਮੀਰਾਂ ਦੇ ਕਲੱਬ ਵਿੱਚ ਸ਼ਾਮਲ ਹੋਣ ਲਈ 44 ਲੱਖ ਰੁਪਏ ਦੀ ਨੈੱਟ ਵਰਥ ਹੋਣੀ ਚਾਹੀਦੀ ਹੈ।


 


ਭਾਰਤ ਵਿੱਚ ਬੇਹੱਦ ਅਮੀਰਾਂ ਦੀ ਗਿਣਤੀ ਇੰਡੋਨੇਸ਼ੀਆ ਤੋਂ 10 ਗੁਣਾ ਤੇ ਫ਼ਿਲੀਪੀਨਜ਼ ਤੋਂ 14 ਗੁਣਾ ਵੱਧ ਹੈ। ਭਾਰਤ ਵਿੱਚ ਅਮੀਰਾਂ ਦੀ ਗਿਣਤੀ ਅਗਲੇ ਪੰਜ ਸਾਲਾਂ ਵਿੱਚ ਦੁੱਗਣੀ ਹੋ ਸਕਦੀ ਹੈ।


 


ਦੁਨੀਆ ’ਚ ਇਸ ਵੇਲੇ 5,21,653 ਬਹੁਤ ਜ਼ਿਆਦਾ ਅਮੀਰ ਲੋਕ ਹਨ। ਇਨ੍ਹਾਂ ਵਿੱਚੋਂ 6,884 ਬੇਹੱਦ ਦੌਲਤਮੰਦ ਭਾਰਤੀ ਹਨ। ਇਯੇ ਤਰ੍ਹਾਂ ਭਾਰਤ ਵਿੱਚ ਅਰਬਪਤੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਣ ਦੀ ਆਸ ਹੈ। ਇਸੇ ਰਿਪੋਰਟ ਅਨੁਸਾਰ ਦੇਸ਼ ਅੰਦਰ ਸਾਲ 2020 ’ਚ ਅਰਬਪਤੀਆਂ ਦੀ ਗਿਣਤੀ 113 ਸੀ, ਜੋ 2025 ’ਚ ਵਧ ਕੇ 162 ਹੋ ਸਕਦੀ ਹੈ।