ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਭਾ ਵਿੱਚ ਕਿਸਾਨ ਲੀਡਰਾਂ ਨੂੰ ਅੰਦੋਲਨਜੀਵੀ ਕਹਿਣ 'ਤੇ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਸਾਂਝੇ ਕਿਸਾਨ ਮੋਰਚੇ ਨੇ ਮੋਦੀ ਦੇ ਇਸ ਬਿਆਨ ਨੂੰ ਬੇਹੱਦ ਗੈਰ-ਜਿੰਮੇਵਾਰਾਨਾ ਕਰਾਰ ਦਿੱਤਾ ਹੈ। ਉਧਰ ਵਿਰੋਧੀ ਧਿਰਾਂ ਵੀ ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਖਫਾ ਹਨ। ਸੋਸ਼ਲ ਮੀਡੀਆ ਉੱਪਰ ਵੀ ਚਰਚਾ ਹੈ ਕਿ ਪ੍ਰਧਾਨ ਮੰਤਰੀ ਵੀ ਵੱਡੇ ਅਹੁਦਿਆਂ 'ਤੇ ਪਹੁੰਚਣ ਤੋਂ ਪਹਿਲਾਂ ਅੰਦੋਲਨ ਹੀ ਕਰਦੇ ਰਹੇ ਹਨ।
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਲੀਡਰਾਂ ਨੂੰ ਅੰਦੋਲਨਜੀਵੀ ਦੱਸ ਰਹੇ ਹਨ ਪਰ ਉਹ ਨਹੀਂ ਜਾਣਦੇ ਕਿ ਕਿਸਾਨ ਅੰਦੋਲਨ ਦੀ ਅਗਵਾਈ ਸਿਰਫ਼ 40-50 ਆਗੂ ਨਹੀਂ ਸਗੋਂ ਜਥੇਬੰਦੀਆਂ ਦੇ ਹਜ਼ਾਰਾਂ ਲੀਡਰ ਕਰ ਰਹੇ ਹਨ ਜੋ ਜ਼ਮੀਨਾਂ ਦੇ ਮਾਲਕ ਹਨ ਤੇ ਖ਼ੁਦ ਵੀ ਖੇਤੀ ਕਰਦੇ ਹਨ।
ਉਨ੍ਹਾਂ ਦਾ ਮੋਦੀ ਨੂੰ ਸਵਾਲ ਹੈ ਕਿ ਜੇਕਰ ਕਿਸਾਨ ਆਗੂ ਅੰਦੋਲਨਜੀਵੀ ਹੁੰਦੇ ਤਾਂ ਅੰਦੋਲਨ ਲਗਾਤਾਰ ਪੰਜ ਮਹੀਨੇ ਸਫ਼ਲਤਾਪੂਰਬਕ ਨਹੀਂ ਚੱਲਣਾ ਸੀ। ਕਿਸਾਨ ਲੀਡਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਇਤਿਹਾਸਕ ਸੰਘਰਸ਼ ਹੈ। ਇਹ ਹੁਣ ਲੋਕ ਲਹਿਰ ਬਣ ਗਿਆ ਹੈ। ਪੂਰੇ ਦੇਸ਼ ਅੰਦਰ ਲੋਕ ਕਿਸਾਨ ਅੰਦੋਲਨ ਨਾਲ ਜੁੜ ਗਏ ਹਨ। ਲੱਖਾਂ ਲੋਕ ਸੜਕਾਂ ਉੱਪਰ ਬੈਠ ਹਨ। ਸੈਂਕੜੇ ਕਿਸਾਨ ਸ਼ਹੀਦ ਹੋ ਚੁੱਕੇ ਹਨ। ਅਜਿਹੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਅੰਦੋਲਨਜੀਵੀ ਵਰਗੇ ਸ਼ਬਦ ਵਰਤਣੇ ਗੈਰ-ਜ਼ਿੰਮੇਵਾਰਾਨਾ ਹੈ।