ਪਵਨਪ੍ਰੀਤ ਕੌਰ 

ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਕੇਂਦਰੀ ਰੇਲ ਮੰਤਰੀ ਵਲੋਂ ਮਾਲ ਗੱਡੀਆਂ ਚਲਾਉਣ ਨੂੰ ਲੈ ਕੇ ਅਜਿਹਾ ਜਵਾਬ ਮਿਲਿਆ ਹੈ ਕਿ ਹੁਣ ਪੰਜਾਬ ਸਰਕਾਰ ਨੇ ਦੋਬਾਰਾ ਰੇਲ ਮੰਤਰੀ ਨੂੰ ਮਿਲਣ ਤੋਂ ਹੀ ਨਾ ਕਰ ਦਿੱਤੀ ਹੈ। ਦਰਅਸਲ ਪੰਜਾਬ ਤੋਂ ਅੱਜ ਕਾਂਗਰਸੀ ਸੰਸਦ ਮੈਂਬਰਾਂ ਦਾ ਵਫਦ ਰੇਲ ਮੰਤਰੀ ਨੂੰ ਮਿਲਣ ਲਈ ਪਹੁੰਚਿਆ। ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਦੂਲੋ ਨੇ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਅਪੀਲ ਕੀਤੀ ਕਿ ਪੰਜਾਬ 'ਚ ਮਾਲ ਗੱਡੀਆਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਜਾਵੇ।


ਪਰ ਕੇਂਦਰ ਆਪਣੀ ਗੱਲ ਤੋਂ ਪਿਛਾਂਹ ਹਟਣ ਲਈ ਬਿਲਕੁਲ ਵੀ ਰਾਜ਼ੀ ਨਹੀਂ ਹੈ ਤੇ ਇੱਕ ਵਾਰ ਫਿਰ ਕੋਰੀ ਨਾਂਹ ਹੀ ਪੰਜਾਬ ਦੇ ਪੱਲੇ ਪਈ ਹੈ। ਕਾਂਗਰਸੀ ਲੀਡਰ ਰਵਨੀਤ ਬਿੱਟੂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਲਿਖਤੀ ਤੌਰ 'ਤੇ ਰੇਲ ਮੰਤਰੀ ਨੂੰ ਭਰੋਸਾ ਦਿੱਤਾ ਸੀ ਕਿ ਪੰਜਾਬ 'ਚ ਮਾਲ ਗੱਡੀਆਂ ਜਾਰੀ ਕੀਤੀਆਂ ਜਾਣ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ। ਕਿਸਾਨ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਨ।


ਉਨ੍ਹਾਂ ਕਿਹਾ ਪਰ ਰੇਲ ਮੰਤਰੀ ਉਨ੍ਹਾਂ ਦੀ ਗੱਲ ਮੰਨਣ ਨੂੰ ਬਿਲਕੁਲ ਵੀ ਤਿਆਰ ਨਹੀਂ ਹਨ। ਰੇਲ ਮੰਤਰੀ ਨੇ ਕਿਹਾ ਹੈ ਕਿ ਜਦ ਤੱਕ ਕੇਂਦਰ ਵਲੋਂ ਪਾਸ ਕੀਤੇ ਬਿਲਾਂ ਨੂੰ ਨਹੀਂ ਮੰਨਿਆ ਜਾਂਦਾ, ਉਦੋਂ ਤੱਕ ਪੰਜਾਬ 'ਚ ਟਰੇਨਾਂ ਨਹੀਂ ਚੱਲਣਗੀਆਂ। ਰਵਨੀਤ ਬਿੱਟੂ ਨੇ ਦੱਸਿਆ ਕਿ ਉਹ ਹੁਣ ਰੇਲ ਮੰਤਰੀ ਨੂੰ ਨਹੀਂ ਮਿਲਣਗੇ। ਤੇ ਫਿਲਹਾਲ ਪੰਜਾਬ 'ਚ ਰੇਲਾਂ ਬੰਦ ਹੀ ਰਹਿਣਗੀਆਂ।